ਐਮ ਪੀ ਢੇਸੀ ਨੇ ਬਰਤਾਨੀਆ ਸਰਕਾਰ ਤੋਂ ਯੂ ਕੇ ਵਸਿਆ ਲਈ ਆਨਲਾਇਨ ਵੰਧ ਰਹੇ ਖਤਰੇ ਤੋਂ ਬਚਾਉਣ ਦੀ ਮੰਗ ਕੀਤ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਤੇ ਉਠਾਏ ਸਵਾਲ
ਲੰਡਨ,ਜੁਲਾਈ 2020 ( ਗਿਆਨੀ ਰਾਵਿਦਰਪਾਲ ਸਿੰਘ)- ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਸੰਸਦ 'ਚ ਇੰਟਰਨੈੱਟ 'ਤੇ ਵੱਧ ਰਹੇ ਖ਼ਤਰੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਬਰਤਾਨੀਆ ਦੀ ਸੰਸਦ 'ਚ ਕਿਹਾ ਕਿ ਸਰਕਾਰ ਵਲੋਂ ਇਕ ਸਾਲ ਪਹਿਲਾਂ ਆਨਲਾਈਨ ਖ਼ਤਰਾ ਵਾਈਟ ਪੇਪਰ ਜਾਰੀ ਕੀਤਾ ਸੀ, ਪਰ ਫਿਰ ਵੀ ਅੱਜ ਤੱਕ ਕੋਈ ਸੁਰੱਖਿਆ ਵਿਖਾਈ ਨਹੀਂ ਦਿੰਦੀ । ਬਲਕਿ ਅਜੇ ਵੀ ਇਸ 'ਚ ਦੇਰੀ ਹੋ ਰਹੀ ਹੈ, ਇੰਟਰਨੈੱਟ 'ਤੇ ਅੱਜ ਵੀ ਖ਼ਤਰਨਾਕ ਅਤੇ ਗੁੰਮਰਾਹਕੁੰਨ ਸਮਗਰੀ ਉਪਲਬਧ ਹੈ । ਉਨ੍ਹਾਂ ਸਰਕਾਰ ਨੂੰ ਗੁਹਾਰ ਲਾਈ ਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਆਨਲਾਈਨ ਖ਼ਤਰੇ ਤੋਂ ਬਚਾਇਆ ਜਾਵੇ । ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਖ਼ਤਰਨਾਕ ਅਤੇ ਗੁੰਮਰਾਹਕੁੰਨ ਸਮਗਰੀ ਹਟਾਉਣ ਲਈ ਕੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਆਨਲਾਈਨ ਹਾਰਮਜ਼ ਬਿੱਲ ਕਦੋਂ ਜਾਰੀ ਕਰ ਰਹੀ ਹੈ । ਮੰਤਰੀ ਅਟਕਿਨ ਨੇ ਜਵਾਬ 'ਚ ਕਿਹਾ ਕਿ ਸਰਕਾਰ ਇਸ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ । ਸ. ਢੇਸੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਪਿਛਲੇ ਹਫ਼ਤੇ ਸਰਕਾਰ ਨੇ ਲੇਖਕ ਜਾਮਾਲ ਖਾਸ਼ੋਗੀ ਦੇ ਕਤਲ ਲਈ ਸਾਊਦੀ ਅਰਬ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਠੋਸ ਸਬੂਤਾਂ ਦੇ ਬਾਵਜੂਦ ਅਗਲੇ ਦਿਨ ਯਮਨ 'ਚ ਜੰਗ 'ਚ ਵਰਤਣ ਲਈ ਹਥਿਆਰਾਂ ਦੀ ਵਿੱਕਰੀ ਸ਼ੁਰੂ ਕਰ ਦਿੱਤੀ । ਉਨ੍ਹਾਂ ਕਿਹਾ ਕਿ ਸੰਸਾਰ ਸਭ ਤੋਂ ਭਿਆਨਕ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਯਮਨ ਦੇ ਲੋਕ ਹਮਦਰਦੀ ਅਤੇ ਅਗਵਾਈ ਲਈ ਸਾਡੇ ਵੱਲ ਵੇਖ ਰਹੇ ਹਨ । ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਉਹ ਅੰਤਰਰਾਸ਼ਟਰੀ ਵਚਨਬੱਧਤਾ ਲਈ ਕਿੱਥੇ ਖੜੇ੍ਹ ਹਨ । ਐਮ. ਪੀ. ਢੇਸੀ ਨੇ ਔਰਤਾਂ ਦੀ ਸਿਹਤ ਸਮੱਸਿਆ ਨੂੰ ਲੈ ਕੇ ਵੀ ਸਰਕਾਰ 'ਤੇ ਸਵਾਲ ਉਠਾਏ ।