ਭੁੱਖ ਅਤੇ ਪਿਆਸ ਨਾਲ ਗਾਂ ਦੀ ਮੌਂਤ 'ਤੇ ਗਊਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਖ਼ਤ ਵਿਰੋਧ

ਗਊਧਨ ਦੀ ਸੁਰੱਖਿਆ ਲਈ ਸਾਰਿਆਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ- ਚੇਅਰਮੈਨ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਜਗਰਾਓ ਦੇ ਨੇੜੇ ਏਅਰ ਫੋਰਸ ਦੀ ਐਸ.ਕੇ. ਰੇਜ ਵਿੱਚ ਭੁੱਖ ਅਤੇ ਪਿਆਸ ਨਾਲ ਗਾਂ ਦੀ ਮੌਤ 'ਤੇ ਸਖ਼ਤ ਵਿਰੋਧ ਜਤਾਉਂਦੇ ਹੋਏ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੁਰਘਟਨਾ ਦੀ ਜਾਂਚ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਹਨ।ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਗਊਸ਼ਾਲਾਵਾਂ ਨੂੰ ਉਪਯੋਗੀ ਬਣਾਉਣ ਲਈ ਕਮਿਸ਼ਨ ਵੱਲੋਂ ਵਿਸੇਸ਼ ਯਤਨ ਕੀਤੇ ਜਾ ਰਹੇ ਹਨ। ਕਮਿਸ਼ਨ ਯਤਨ ਕਰ ਰਿਹਾ ਕਿ ਸੂਬੇ ਦੀਆਂ ਗਊਸ਼ਾਲਾਵਾਂ ਆਰਥਿਕ ਤੌਰ 'ਤੇ ਇੰਨੀਆਂ ਮਜ਼ਬੂਤ ਹੋਣ ਕਿ ਉਹ ਸੜਕਾਂ ਤੋਂ ਗਊਧਨ ਨੂੰ ਚੁੱਕ ਕੇ ਉਸਦਾ ਪਾਲਣ-ਪੋਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਭੁੱਖ ਅਤੇ ਪਿਆਸ ਨਾਲ ਗਊਮਾਤਾ ਦੇ ਮੌਤ 'ਤੇ ਬੇਹੱਦ ਅਫਸੋਸ ਹੈ ਪਰ ਜ਼ਰੂਰਤ ਇਹ ਹੈ ਕਿ ਗਊ ਰੱਖਿਆ ਲਈ ਸਾਰੀਆਂ ਧਾਰਮਿਕ ਅਤੇ ਸਿਆਸੀ ਪਾਰਟੀਆਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ ਹੈ। ਗਊਮਾਤਾ ਪੂਜਣਯੋਗ ਹੈ ਇਸ ਲਈ ਸਰਕਾਰ ਹੀ ਨਹੀਂ ਸਗੋਂ ਗਊ ਭਗਤਾਂ ਨੂੰ ਵੀ ਉਨ੍ਹਾਂ ਦੀ ਰੱਖਿਆ ਲਈ ਯਤਨ ਕਰਨੇ ਚਾਹੀਦੇ ਹਨ। ਗਊਸੇਵਾ ਕਮਿਸ਼ਨ ਨੇ ਸਾਰੇ ਸਮਾਜ ਸੇਵੀ ਸੰਗਠਨਾਂ ਨੂੰ ਖੁੱਲਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲਦੇ ਹਨ ਜਿੱਥੇ ਗਊਧਨ ਸੁਰੱਖਿਅਤ ਨਹੀਂ ਹੈ ਉਹ ਕਦੇ ਵੀ ਫੋਨ ਕਰਕੇ ਗਊਸੇਵਾ ਕਮਿਸ਼ਨ ਨੂੰ ਸ਼ਿਕਾਇਤ/ਸੂਚਨਾ ਦੇ ਸਕਦੇ ਹਨ।ਸ਼ਰਮਾਂ ਨੇ ਅਪੀਲ ਕੀਤੀ ਕਿ ਗਊਧਨ ਦੀ ਸੁਰੱਖਿਆ ਲਈ ਸਾਰਿਆਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ ਹੈ ਨਾ ਕਿ ਇਸ ਨੂੰ ਰਾਜਨੀਤੀ ਦਾ ਮੁੱਦਾ ਬਣਾ ਕੇ ਆਪਣੀ ਜਿੰਮੇਵਾਰੀ ਤੋਂ ਮੁੂੰਹ ਮੋੜਨਾ ਚਾਹੀਦਾ ਹੈ। ਸੂਬੇ ਵਿੱਚ ਗਊਧਨ ਦੀ ਸੁਰੱਖਿਆ ਅਤੇ ਸੰਭਾਲ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਵਿਸੇਸ਼ ਤੌਰ 'ਤੇ ਟੀਮਾਂ ਗਠਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਗਰਮੀ ਵਿੱਚ ਗਊਧਨ ਲਈ ਚਾਰੇ ਅਤੇ ਪਾਣੀ ਦੇ ਵਿਸੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ