ਰਾਏਕੋਟ/ਲੁਧਿਆਣਾ, ਜੁਲਾਈ 2020 ( ਗੁਰਸੇਵਕ ਸੋਹੀ )-ਪਿੰਡ ਗੋਬਿੰਦਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਦੇ ਮੇਟ ਦੇ ਮਾਮਲੇ ਨੂੰ ਲੈ ਕੇ 2 ਔਰਤਾਂ ਦੀ ਹੋਈ ਤੂੰ-ਤੂੰ, ਮੈਂ-ਮੈਂ ਦਾ ਮਾਮਲਾ ਲੜਾਈ ਤੱਕ ਪੁੱਜਣ 'ਤੇ 4 ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਇਸ ਮੌਕੇ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਗੁਰਸੰਤ ਸਿੰਘ ਖਹਿਰਾ ਨੇ ਦੱਸਿਆ ਕਿ 4 ਜੁਲਾਈ 2020 ਦੀ ਸ਼ਾਮ 7 ਵਜੇ ਪਰਮਜੀਤ ਕੌਰ ਅਤੇ ਅਮਨਦੀਪ ਕੌਰ (ਮੌਜੂਦਾ ਮੇਟ) ਦੀ ਆਪਸ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ । ਜਿਸ ਦੌਰਾਨ ਪਰਮਜੀਤ ਕੌਰ ਨੇ ਮੇਟ ਅਮਨਦੀਪ ਕੌਰ ਦੇ ਥੱਪੜ ਮਾਰ ਦਿੱਤਾ । ਜਿਸ ਦੇ ਬਾਅਦ ਮੋਹਤਵਰਾਂ ਨੇ ਦੋਵਾਂ ਨੂੰ ਛੁਡਵਾ ਕੇ ਘਰੋਂ-ਘਰੀ ਭੇਜ ਦਿੱਤਾ, ਜਿਸ ਦੇ ਬਾਅਦ ਮਨਰੇਗਾ ਮਜਦੂਰਾਂ ਦੇ ਪਹਿਲੇ ਮੇਟ ਉਕਾਂਰ ਸਿੰਘ ਪੁੱਤਰ ਬੱਬਰਾ ਸਿੰਘ ਜਿਸ ਨੂੰ ਪਹਿਲਾਂ ਗ੍ਰਾਮ ਪੰਚਾਇਤ ਨੇ ਸਰਵਸੰਮਤੀ ਨਾਲ ਮੇਟ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਅਮਨਦੀਪ ਕੌਰ ਨੂੰ ਉਸ ਦੀ ਜਗ੍ਹਾ 'ਤੇ ਮੇਟ ਬਣਾ ਦਿੱਤਾ ਗਿਆ ਸੀ । ਜਿਸ ਤਹਿਤ ਪਰਮਜੀਤ ਕੌਰ ਅਤੇ ਉਕਾਂਰ ਸਿੰਘ ਨੇ ਰੰਜਿਸ਼ਬਾਜ਼ੀ ਤਹਿਤ ਮੋਬਾਈਲ ਫੋਨ ਕਰਕੇ ਆਪਣੇ ਧੜੇ ਦੀਆਂ ਔਰਤਾਂ ਨੂੰ ਸੱਦ ਲਿਆ । ਜਿਸ ਦੇ ਬਾਅਦ ਉਂਕਾਰ ਸਿੰਘ ਦੀ ਘਰਵਾਲੀ ਬੇਅੰਤ ਕੌਰ ਉਸਦੀ ਮਾਤਾ ਸ਼ਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਔਰਤਾਂ ਦੀ ਮਦਦ ਨਾਲ ਮੇਟ ਅਮਨਦੀਪ ਕੌਰ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜੋ ਲੜਦੇ-ਝਗੜਦੇ ਗਲੀ ਵਿਚ ਆ ਗਏ । ਉੱਥੇ ਉਂਕਾਰ ਸਿੰਘ ਨੇ ਵੀ ਪੀੜਤ ਦੀ ਕੁੱਟਮਾਰ ਕੀਤੀ । ਇਸ ਝਗੜੇ ਦੌਰਾਨ ਕਿਸੇ ਵੀ ਹਥਿਆਰ, ਸੋਟੀ ਵਗੈਰਾ ਦੀ ਕੋਈ ਵਰਤੋਂ ਨਹੀਂ ਹੋਈ ਇਹ ਝਗੜਾ ਸਿਰਫ਼ ਕੁੱਟਮਾਰ ਤੱਕ ਹੀ ਸੀਮਤ ਰਿਹਾ । ਚੌਕੀ ਇੰਚਾਰਜ ਗੁਰਸੰਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਝਗੜੇ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ । ਇਸ ਝਗੜੇ ਸਬੰਧੀ ਪੀੜ੍ਹਤ ਮੇਟ ਅਮਨਦੀਪ ਕੌਰ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਉਸ ਦੇ ਬਿਆਨਾਂ 'ਤੇ ਧਾਰਾ-452, 323 ਅਤੇ 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।