You are here

ਪੰਜਾਬ ਚ ਸੱਤ ਮੌਤ, ਡਿਪਟੀ ਡਾਇਰੈਕਟਰ, ਏਡੀਸੀ ਤੇ ਆਰਟੀਏ ਸਕੱਤਰ ਸਮੇਤ 241 ਪਾਜ਼ੇਟਿਵ

 

ਚੰਡੀਗੜ੍ਹ ,(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਹੀ ਮਿ੍ਤਕਾਂ ਦੀ ਕੁਲ ਗਿਣਤੀ 196 ਤਕ ਪੁੱਜ ਗਈ ਹੈ। ਜਲੰਧਰ 'ਚ 45 ਤੇ 52 ਸਾਲਾ ਦੋ ਪੁਰਸ਼ਾਂ ਤੇ ਇਕ 37 ਸਾਲਾ ਅੌਰਤ ਦੀ ਜਾਨ ਚਲੀ ਗਈ, ਜਦਕਿ ਲੁਧਿਆਣੇ 'ਚ 83 ਸਾਲਾ ਬਜ਼ੁਰਗ, ਸੰਗਰੂਰ 'ਚ 62 ਸਾਲਾ ਤੇ ਪਠਾਨਕੋਟ 'ਚ 40 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਉੱਥੇ ਸੂਬੇ 'ਚ 241 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਰਜਤ ਓਬਰਾਏ, ਗੁੁਰਦਾਸਪੁਰ ਦੇ ਏਡੀਸੀ ਤਜਿੰਦਰ ਪਾਲ ਸਿੰਘ, ਜਲੰਧਰ ਦੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਸਕੱਤਰ ਬਰਜਿੰਦਰ ਸਿੰਘ ਤੇ ਬਲਾਚੌਰ (ਨਵਾਂਸ਼ਹਿਰ) ਦੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਵੀ ਸ਼ਾਮਲ ਹਨ। ਕੁਝ ਦਿਨ ਪਹਿਲਾਂ ਬਲਾਚੌਰ ਦੇ ਤਹਿਸੀਲਦਾਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਉੱਥੇ, ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਨੈਗੇਟਿਵ ਆਈ ਹੈ। ਸੰਗਰੂਰ 'ਚ ਸੀਨੀਅਰ ਭਾਜਪਾ ਨੇਤਾ ਤੇ ਉਨ੍ਹਾਂ ਦਾ ਪੋਤਰਾ ਵੀ ਇਨਫੈਕਟਿਡ ਆਏ ਹਨ। ਬਾਜਵਾ ਨੇ ਪਾਜ਼ੇਟਿਵ ਆਏ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲ ਨਾਲ ਮੁਲਾਕਾਤ ਕੀਤੀ ਸੀ। ਉੱਜਵਲ ਦੀ ਪਤਨੀ ਤੇ ਰੂਪਨਗਰ ਦੀ ਡੀਸੀ ਸੋਨਾਲੀ ਗਿਰੀ ਦਾ ਪੂਰਾ ਪਰਿਵਾਰ ਇਨਫੈਕਟਿਡ ਹੋ ਚੁੱਕਾ ਹੈ। ਪੰਜਾਬ 'ਚ ਕਈ ਪੀਸੀਐੱਸ ਅਫਸਰ ਪਾਜ਼ੇਟਿਵ ਆ ਚੁੱਕੇ ਹਨ। ਇਹ ਸਾਰੇ ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ ਖ਼ਿਲਾਫ਼ ਵਿਜੀਲੈਂਸ 'ਚ ਕੇਸ ਦਰਜ ਹੋਣ ਦੇ ਵਿਰੋਧ 'ਚ ਚੰਡੀਗੜ੍ਹ ਦੇ ਇਕ ਹੋਟਲ 'ਚ ਮੀਟਿੰਗ ਲਈ ਇਕੱਠੇ ਹੋਏ ਸਨ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 75, ਪਟਿਆਲੇ 'ਚ 51, ਲੁਧਿਆਣੇ 'ਚ 29, ਨਵਾਂਸ਼ਹਿਰ 'ਚ 23, ਅੰਮਿ੍ਤਸਰ 'ਚ 13, ਸੰਗਰੂਰ 'ਚ 11 ਤੇ ਹੋਰਨਾਂ ਜ਼ਿਲਿ੍ਹਆਂ 'ਚ 39 ਲੋਕ ਪਾਜ਼ੇਟਿਵ ਪਾਏ ਗਏ।