ਐੱਸਆਈਟੀ ਨੇ ਡੇਰਾ ਪ੍ਰੇਮੀਆਂ ਤੋਂ ਪਾਵਨ ਸਰੂਪ ਚੋਰੀ ਸਬੰਧੀ ਕੀਤੀ ਨਿਸ਼ਾਨਦੇਹੀ

ਕੋਟਕਪੂਰਾ/ਫਰੀਦਕੋਟ , ਜੁਲਾਈ 2020 -(ਕਰਨ ਰਤੀ /ਮਨਜਿੰਦਰ ਗਿੱਲ)- ਪਹਿਲੀ ਜੂਨ 2015 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਨੂੰ ਲੈ ਕੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐੱਸਆਈਟੀ ਦੇ ਪ੍ਰਮੁੱਖ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਸਿੱਧੂ ਸਮੇਤ ਸਮੁੱਚੀ ਟੀਮ ਨੇ ਐਤਵਾਰ ਨੂੰ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਤੋਂ ਸ਼ੁਰੂ ਹੋਈ ਸਾਰੀ ਘਟਨਾ ਦੀ ਨਿਸ਼ਾਨਦੇਹੀ ਕੀਤੀ।

ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਅਤੇ ਗ੍ਰੰਥੀ ਗੋਰਾ ਸਿੰਘ ਸਮੇਤ ਕੁਝ ਹੋਰ ਵਿਅਕਤੀਆਂ ਦੀ ਹਾਜ਼ਰੀ 'ਚ ਪੁਲਿਸ ਸਾਹਮਣੇ ਨਿਸ਼ਾਨਦੇਹੀ ਕਰਦਿਆਂ ਡੇਰਾ ਪ੍ਰੇਮੀ ਸੰਨੀ ਕੰਡਾ ਅਤੇ ਰਣਦੀਪ ਸਿੰਘ ਨੀਲਾ ਨੇ ਮੰਨਿਆ ਕਿ ਉਨ੍ਹਾਂ ਪਹਿਲੀ ਜੂਨ 2015 ਨੂੰ ਗੁਰਦੁਆਰਾ ਸਾਹਿਬ 'ਚੋਂ ਪਾਵਨ ਸਰੂਪ ਚੋਰੀ ਕਰ ਕੇ ਮੋਟਰਸਾਈਕਲ ਰਾਹੀਂ ਬਰਗਾੜੀ ਵਿਖੇ ਖੜ੍ਹੀ ਆਲਟੋ ਕਾਰ 'ਚ ਰੱਖਿਆ। ਅੱਗੇ ਸ਼ਕਤੀ ਸਿੰਘ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਭੋਲਾ ਉਕਤ ਕਾਰ ਨੂੰ ਕੋਟਕਪੂਰੇ ਵਿਖੇ ਦੀ ਨਾਮ ਚਰਚਾ ਘਰ 'ਚ ਲੈ ਆਏ, ਜਿੱਥੇ ਕਾਰ ਕੁਝ ਘੰਟੇ ਖੜ੍ਹੀ ਰਹੀ ਅਤੇ ਸ਼ਾਮ ਨੂੰ ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਪਾਵਨ ਸਰੂਪ ਉਕਤ ਕਾਰ ਰਾਹੀਂ ਬਲਜੀਤ ਸਿੰਘ ਦੇ ਘਰ ਪਿੰਡ ਸਿੱਖਾਂਵਾਲਾ ਵਿਖੇ ਲੈ ਗਏ। ਐਤਵਾਰ ਨੂੰ ਜਾਂਚ ਟੀਮ ਨੇ ਇੱਥੇ ਡੇਰੇ 'ਚ ਲਿਆ ਕੇ ਕਰੀਬ ਅੱਧਾ ਘੰਟਾ ਡੇਰਾ ਪ੍ਰੇਮੀਆਂ ਤੋਂ ਡੂੰਘੀ ਪੁੱਛ-ਪੜਤਾਲ ਕੀਤੀ। ਜਦੋਂ ਉਕਤ ਟੀਮ ਪਿੰਡ ਸਿੱਖਾਂਵਾਲਾ ਵਿਖੇ ਬਲਜੀਤ ਸਿੰਘ ਦੇ ਘਰ ਪੁੱਜੀ ਤਾਂ ਬਲਜੀਤ ਸਿੰਘ ਨੇ ਪਾਵਨ ਸਰੂਪ ਆਪਣੇ ਘਰ ਰੱਖਣ ਦੀ ਗੱਲ ਪ੍ਰਵਾਨ ਕੀਤੀ।