ਪੰਜਾਬ ਚ ਚਾਰ ਦੀ ਮੌਤ, ਫਿਰ ਵੀ ਪੰਜਾਬ ਸੁਰੱਖਿਅਤ ਸੂਬਿਆਂ 'ਚ

ਚੰਡੀਗੜ੍ਹ, ਜੁਲਾਈ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਰਾਹਤ ਵਾਲੀ ਗੱਲ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਕੋਰੋਨਾ ਦੇ ਪਾਜ਼ੇਟਿਵ ਕੇਸ ਆਉਣ ਦੇ ਮਾਮਲੇ 'ਚ ਪੰਜਾਬ ਸੁਰੱਖਿਅਤ ਸੂਬਿਆਂ 'ਚ ਹੈ। ਇੱਥੇ 100 ਟੈਸਟਾਂ 'ਤੇ ਸਿਰਫ਼ ਦੋ ਲੋਕ ਹੀ ਪਾਜ਼ੇਟਿਵ ਪਾਏ ਜਾ ਰਹੇ ਹਨ। ਇਹ ਕੁਲ ਟੈਸਟਾਂ ਦਾ 1.85 ਫ਼ੀਸਦੀ ਹੈ ਤੇ ਮੌਤ ਦਰ 2.62 ਹੈ। ਡਬਲਯੂਐੱਚਓ 100 ਟੈਸਟਾਂ 'ਤੇ ਪੰਜ ਪਾਜ਼ੇਟਿਵ ਕੇਸ ਪਾਏ ਜਾਣ ਤਕ ਸਥਿਤੀ ਨੂੰ ਸੁਰੱਖਿਅਤ ਮੰਨਦਾ ਹੈ। ਪੰਜਾਬ 'ਚ 3,24,054 ਟੈਸਟ ਹੋ ਚੁੱਕੇ ਹਨ, ਜਦਕਿ ਹੁਣ ਤਕ 6010 ਲੋਕ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ ਵੀ 4266 ਠੀਕ ਹੋ ਚੁੱਕੇ ਹਨ। ਪੰਜਾਬ ਤੋਂ ਇਲਾਵਾ ਰਾਜਸਥਾਨ, ਆਂਧਰ ਪ੍ਰਦੇਸ਼ 'ਚ ਵੀ 100 ਟੈਸਟਾਂ 'ਤੇ ਦੋ ਪਾਜ਼ੇਟਿਵ ਕੇਸ ਪਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਕਰਨਾਟਕ ਤੇ ਪੱਛਮੀ ਬੰਗਾਲ 'ਚ ਚਾਰ ਕੇਸ ਪਾਏ ਜਾ ਰਹੇ ਹਨ। ਸ਼ੁੱਕਰਵਾਰ ਨੂੰ ਬਠਿੰਡਾ ਦੇ ਆਰਕੀਟੈਕਟ ਨੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਲੁਧਿਆਣਾ 'ਚ 68 ਸਾਲਾ ਔਰਤ, 62 ਸਾਲਾ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ 'ਚ ਵੀ 50 ਸਾਲਾ ਔਰਤ ਦੀ ਕੋਰੋਨਾ ਕਾਰਨ ਜਾਨ ਚਲੀ ਗਈ। ਸੂਬੇ 'ਚ ਮ੍ਰਿਤਕਾਂ ਦਾ ਅੰਕੜਾ 158 'ਤੇ ਪਹੁੰਚ ਗਿਆ ਹੈ। ਸੂਬੇ 'ਚ ਸ਼ੁੱਕਰਵਾਰ ਨੂੰ 128 ਨਵੇਂ ਪਾਜ਼ੇਟਿਵ ਕੇਸ ਆਏ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 43, ਜਲੰਧਰ 'ਚ 22 ਤੇ ਅੰਮ੍ਰਿਤਸਰ 'ਚ 11 ਕੇਸ ਰਿਪੋਰਟ ਹੋਏ।