ਡਿਪਟੀ ਕਮਿਸ਼ਨਰ ਵੱਲੋਂ ਪਿੰਡ ਧਨਾਨਸੂ ਸਥਿਤ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦਾ ਦੌਰਾ

ਪੰਕਜ ਮੂੰਜਾਲ ਅਤੇ ਹੋਰ ਅਧਿਕਾਰੀਆਂ ਨਾਲ ਪ੍ਰਗਤੀ ਬਾਰੇ ਵਿਚਾਰਾ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ  ਵਰਿੰਦਰ ਸ਼ਰਮਾ ਵੱਲੋਂ ਅੱਜ ਪਿੰਡ ਧਨਾਨਸੂ ਵਿਖੇ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਜਾ ਰਹੀ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਹੀਰੋ ਸਾਈਕਲਜ਼ ਲਿਮਿਟਡ ਦੇ ਚੇਅਰਮੈਨ  ਪੰਕਜ ਮੁੰਜਾਲ, ਉੱਪ ਚੇਅਰਮੈਨ  ਐੱਸ. ਕੇ. ਰਾਏ, ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਬ  ਬਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਵੀ ਹਾਜ਼ਰ ਸਨ। ਇਸ ਮੌਕੇ ਹੀਰੋ ਸਾਈਕਲਜ਼ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਕਈ ਮਸਲੇ ਲਿਆਂਦੇ ਗਏ।ਸ਼ਰਮਾ ਨੇ ਦੱਸਿਆ ਕਿ 380 ਏਕੜ ਵਿੱਚ ਬਣਨ ਵਾਲੀ ਇਸ ਵੈਲੀ ਵਿੱਚੋਂ 100 ਏਕੜ ਜ਼ਮੀਨ ਹੀਰੋ ਸਾਈਕਲਜ਼ ਲਿਮਿਟਡ ਨੂੰ 21 ਦਸੰਬਰ, 2018 ਨੂੰ ਅਲਾਟ ਕੀਤੀ ਗਈ ਸੀ, ਜਿਸ ਦਾ ਕਬਜ਼ਾ ਵੀ 14 ਅਪ੍ਰੈੱਲ, 2019 ਨੂੰ ਦਿੱਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਕੰਪਨੀ ਵੱਲੋਂ ਬਾਹਰੀ ਕੰਧ ਅਤੇ ਲੋੜੀਂਦੇ ਢਾਂਚੇ ਦਾ ਨਿਰਮਾਣ ਵੀ ਕਰ ਲਿਆ ਗਿਆ ਹੈ ਅਤੇ ਬਾਕੀ ਕੰਮ ਵੀ ਲਗਾਤਾਰ ਜਾਰੀ ਹਨ। ਕੰਪਨੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 13 ਅਪ੍ਰੈੱਲ, 2022 ਤੱਕ ਇਥੋਂ ਸਾਈਕਲਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਜਾ ਸਕੇ। ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਕੱਲੀ ਹੀਰੋ ਸਾਈਕਲਜ਼ ਵੱਲੋਂ 3000-5000 ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਦੱਸਿਆ ਕਿ ਇਸ ਸਾਈਕਲ ਵੈੱਲੀ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਉਣ ਲਈ ਪੀ. ਐੱਸ. ਪੀ. ਸੀ. ਐੱਲ. ਵੱਲੋਂ ਇਥੇ 400ਕੇਵੀਏ ਦਾ ਸਬ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ। ਇਸ ਵੈਲੀ ਦੀ ਬਾਕੀ ਰਹਿੰਦੀ 250 ਏਕੜ ਜ਼ਮੀਨ ਦੇ ਅੰਦਰੂਨੀ ਵਿਕਾਸ ਲਈ ਪੱਕੀਆਂ ਸੜਕਾਂ, ਸਟੌਰਮ ਡਰੇਨਜ਼, ਸੀਵਰੇਜ਼ ਸਿਸਟਮ, ਇਲੈਕਟ੍ਰੀਕਲ ਟਰੈਂਚ, ਵਾਟਰ ਸਪਲਾਈ ਨੈੱਟਵਰਕ ਦਾ ਕੰਮ ਜ਼ੋਰਾਂ 'ਤੇ ਜਾਰੀ ਹੈ, ਜੋ ਕਿ 31 ਅਗਸਤ, 2021 ਤੱਕ ਮੁਕੰਮਲ ਕੀਤਾ ਜਾਣਾ ਹੈ। ਪ੍ਰੋਜੈਕਟ ਤੱਕ ਪਹੁੰਚਣ ਵਾਲੀ ਪੱਕੀ ਸੜਕ ਅਤੇ ਬੁੱਢਾ ਨਾਲਾ 'ਤੇ ਬਣਨ ਵਾਲੇ ਪੁੱਲ ਦਾ ਨਿਰਮਾਣ ਕਾਰਜ ਵੀ ਜਾਰੀ ਹੈ, ਜੋ ਕਿ 31 ਦਸੰਬਰ, 2020 ਤੱਕ ਮੁਕੰਮਲ ਕੀਤਾ ਜਾਵੇਗਾ ।ਦੱਸਿਆ ਕਿ ਨਿਗਮ ਵੱਲੋਂ ਜਲਦੀ ਹੀ 50 ਏਕੜ ਗੈਰ-ਵਿਕਸਤ ਜ਼ਮੀਨ ਦੀ ਈ-ਆਕਸ਼ਨ ਦੀ ਵੀ ਯੋਜਨਾ ਹੈ। ਉਨਾਂ ਕਿਹਾ ਕਿ ਇਸ ਅਤਿ-ਮਹੱਤਵਪੂਰਨ ਪ੍ਰੋਜੈਕਟ ਵਿੱਚ ਲੰਮਾ ਸਮਾਂ ਚੱਲੇ ਕਰਫਿਊ ਅਤੇ ਲੌਕਡਾਊਨ ਕਰਕੇ ਦੇਰੀ ਹੋਈ ਹੈ। ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਸਾਰੀਆਂ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਭਰੋਸਾ ਦਿੱਤਾ ਕਿ ਇਸ ਨੂੰ ਤੈਅ ਸਮਾਂ ਸੀਮਾ ਵਿੱਚ ਹੀ ਮੁਕੰਮਲ ਕਰ ਲਿਆ ਜਾਵੇਗਾ।