ਅੱਜ ਸਾਡਾ ਦੇਸ਼ ਆਜ਼ਾਦ ਹੋਏ ਨੂੰ 73 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ।ਇਸ ਸੱਤ ਦਹਾਕੇ ਤੋਂ ਵੱਧ ਦੇ ਅਰਸੇ ਦੌਰਾਨ ਦੇਸ਼ ਦੇ ਲੋਕਾਂ ਨੇ ਆਪਣੇ ਸੀਨੇ ਉਤੇ ਬਹੁਤ ਕੁਝ ਹੰਢਾਇਆ।ਫਿਰ ਵੀ ਸਾਡੇ ਦੇਸ਼ ਦੇ ਮਿਹਨਤਕਸ਼ ਗਰੀਬ ਲੋਕ ਬਹੁਤ ਵਾਰ ਉਜੜੇ ਪ੍ਰੰਤੂ ਫਿਰ ਆਪਣੇ ਪੈਰਾਂ ਤੇ ਉਠ ਖੜ੍ਹੇ ਹੋਏ। ਗਰੀਬ ਇਸ ਲਈ ਕਿਉਂਕਿ ਜਦੋਂ ਵੀ ਕੋਈ ਮਹਾਂਮਾਰੀ ਜਾਂ ਕੋਈ ਵੱਡੀ ਮੁਸੀਬਤ ਦੇਸ਼ ਉਪਰ ਆਉਂਦੀ ਹੈ।ਤਾਂ ਉਸਦਾ ਸਭ ਤੋਂ ਪਹਿਲਾਂ ਅਤੇ ਹਿੱਕ ਢਾਹ ਕੇ ਮੁਕਾਬਲਾ ਗਰੀਬ ਨੂੰ ਹੀ ਕਰਨਾ ਪੈਂਦਾ ਹੈ।ਚਲੋ! ਸਮਾਂ ਬਦਲਦਾ ਗਿਆ ਕੁਝ ਹੱਦ ਤੱਕ ਹਾਲਾਤ ਵੀ ਬਦਲੇ।ਪਰ ਇਕ ਚੀਜ਼ ਜੋ ਕਦੀ ਨਹੀਂ ਬਦਲੀ ਉਹ ਹੈ, ਰਿਸ਼ਵਤਖੋਰਾਂ ਦੀ ਨਸਲ।ਰਿਸ਼ਵਤਖੋਰਾਂ ਦੀ ਮੰਗ ਵੀ ਬਦਲਦੇ ਸਮੇਂ ਨਾਲ ਬਦਲਦੀ ਗਈ।ਰਿਸ਼ਵਤਖੋਰੀ ਸੌ ਰੁਪਏ ਤੋਂ ਸ਼ੁਰੂ ਹੋਕੇ ਅੱਜ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਗਈ ਹੈ।ਇਸੇ ਰਿਸ਼ਵਤਖੋਰੀ ਕਾਰਨ ਦੇਸ਼ ਦੀ ਗਰੀਬ ਜਨਤਾ ਦੇ ਅਰਬਾਂ ਰੁਪਏ ਦੇ ਗਬਨ ਅੰਦਰੋ-ਅੰਦਰ ਹੀ ਹੋ ਜਾਂਦੇ ਹਨ।ਅਤੇ ਕਿਸੇ ਲੋੜਵੰਦ ਨੂੰ ਇਕ ਨਵਾਂ ਪੈਸਾ ਵੀ ਵੇਖਣ ਨੂੰ ਨਸੀਬ ਨਹੀ ਹੁੰਦਾ।ਸਾਡੇ ਮੁਲਕ ਦੀ ਅਫਸਰਸ਼ਾਹੀ ਵਿੱਚ ਬੈਠੀਆਂ ਕਾਲੀਆਂ ਭੇਡਾਂ ਦੀ ਰਿਸ਼ਵਤਖੋਰੀ ਸਭ ਤੋ ਵੱਧ ਗਰੀਬ ਅਤੇ ਆਮ ਵਰਗ ਦੇ ਜੋੜਾਂ ਵਿਚ ਹੀ ਬਹਿੰਦੀ ਹੈ। ਕਿਉਂਕਿ ਇਹ ਦੇਸ਼ ਦੇ ਗਦਾਰ ਅਮੀਰਾਂ ਦੀ ਚੌਂਕੀ ਭਰਨਗੇ ਪਰ ਗਰੀਬ ਨੂੰ ਧੌਣ ਤੋਂ ਫੜਨਗੇ।ਦੇਸ਼ ਦੀ ਇਕਾਨਮੀ ਦਾ ਬੇੜਾ ਗਰਕ ਕਰਨ ਵਿੱਚ ਪਹਿਲੇ ਨੰਬਰ ਤੇ ਹੈ ਅਫਸਰਸ਼ਾਹੀ ਜੋ ਦੋ ਨੰਬਰ ਦੇ ਪੈਸੇ ਨੂੰ ਇਕ ਨੰਬਰ ਵਿੱਚ ਕਰਨ ਦੇ ਮਾਹਿਰ ਹੁੰਦੇ ਹਨ। ਅੱਜ ਭਾਰਤ ਦਾ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਪੈਸਾ ਹਾਵੀ ਨਾ ਹੋਵੇ। ਕਿਉਂਕਿ ਇਹ ਦੇਸ਼ ਦੇ ਗਦਾਰ ਰਿਸ਼ਵਤਖੋਰ ਹਰ ਪਾਸੇ ਬੈਠੇ ਹਨ।ਇੰਨਾ ਰਿਸ਼ਵਤਖੋਰਾਂ ਦੇ ਕਾਰਨ ਹੀ ਸਾਡੇ ਦੇਸ਼ ਦਾ ਹੁਨਰ ਜੋ ਗਰੀਬ ਤਬਕੇ ਵਿੱਚ ਸਭ ਤੋਂ ਵੱਧ ਹੁੰਦਾ ਹੈ। ਉਹ ਪਿੱਛੇ ਰਹਿ ਜਾਂਦਾ ਹੈ ਅਤੇ ਪੈਸਾ ਅੱਗੇ ਨਿਕਲ ਜਾਂਦਾ ਹੈ। ਅਜਿਹੇ ਕੁਰੱਪਟ ਅਫਸਰ ਲੀਡਰਾਂ ਵਾਂਗ ਆਪਣੇ ਤੋਂ ਬਾਅਦ ਆਪਣੇ ਬੱਚਿਆ ਨੂੰ ਅੱਗੇ ਕਰ ਦਿੰਦੇ ਹਨ। ਜੋ ਫਿਰਤੋਂ ਆਕੇ ਸਾਡਾ ਹੀ ਖੂਨ ਚੁਸਦੇ ਨੇ।ਅੱਜ-ਕੱਲ੍ਹ ਤਾਂ ਇਹ ਰਿਸ਼ਵਤਖੋਰ ਰਿਸ਼ਵਤ ਲੈਣ ਨੂੰ ਆਪਣਾ ਮੌਲਿਕ ਅਧਿਕਾਰ ਹੀ ਸਮਝਦੇ ਹਨ।ਜਿਹੜਾ ਆਦਮੀ ਇੰਨਾ ਅੱਗੇ ਜਾਕੇ ਆਪਣੀ ਜੇਬ ਢਿੱਲੀ ਨਹੀਂ ਕਰਦਾ,ਫਿਰ ਉਹਦਾ ਤਾਂ ਇਹ ਬਣਿਆ ਕੰਮ ਵੀ ਵਿਗਾੜ ਦਿੰਦੇ ਨੇ। ਸਰਕਾਰੀ ਦਫਤਰਾਂ ਦਾ ਪੈਂਡਾ ਸਭ ਤੋਂ ਵਧੇਰੇ ਗਰੀਬ ਵਰਗ ਨੂੰ ਹੀ ਸਰ ਕਰਨਾ ਪੈਂਦਾ ਹੈ।ਕਿਉਂਕਿ ਅਮੀਰਾਂ ਅਤੇ ਸਿਫਾਰਸ਼ੀਆਂ ਦਾ ਕੰਮ ਤਾਂ ਇਹ ਉਹਨਾਂ ਦੇ ਘਰੇ ਜਾਕੇ ਵੀ ਕਰ ਆਉਣਗੇ।ਅਸੀ ਕਹਿੰਦੇ ਹਾਂ ਕਿ ਅਸੀ ਡੈਮੋਕਰੇਟਿਕ ਮੁਲਕ ਦੇ ਵਸਨੀਕ ਹਾਂ ਪ੍ਰੰਤੂ ਜਮੀਨੀ ਸਤੱਰ ਉਤੇ ਅੱਜ ਵੀ ਦੋ ਕਾਨੂੰਨ ਹਨ ਜੋ ਅਮੀਰੀ ਲਈ ਵੱਖਰਾ ਅਤੇ ਗਰੀਬੀ ਲਈ ਵੱਖਰਾ ਹੈ। ਗਰੀਬ ਨੂੰ ਉਸਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਕੰਮ ਹੈ,ਸਾਡੀਆਂ ਸਿਆਸੀ ਧੀਰਾਂ ਦਾ ਪਰ ਜਦੋ ਖੁਦ "ਕੁੱਤੀ ਹੀ ਚੋਰਾਂ ਨਾਲ ਮਿਲੀ ਹੋਵੇ" ਤਾਂ ਕਿਸੇ ਦਾ ਕੀ ਵੱਸ ਚਲੇਗਾ।ਰਿਸ਼ਵਤਖੋਰੀ ਦਾ ਰੋਗ ਇੰਨਾ ਲੀਡਰਾਂ ਅਤੇ ਅਫਸਰਸ਼ਾਹੀ ਨੂੰ ਐਸਾ ਲੱਗਿਆ ਹੈ ਕਿ ਇਹਨਾਂ ਦੇ ਦਿਮਾਗ ਵਿਚ ਸਿਰਫ ਔਰ ਸਿਰਫ ਪੈਸਾ ਹੀ ਭਰ ਚੁੱਕਿਆ ਹੈ।ਇਕ ਗਰੀਬ ਤੋਂ ਸਾਰੀ ਜਿੰਦਗੀ ਹੱਡ ਤੋੜਵੀਂ ਮਿਹਨਤ ਕਰਕੇ ਵੀ ਸਿਰ ਤੇ ਚੰਗੀ ਛੱਤ ਨਹੀਂ ਬਣਦੀ। ਪਰ ਦੂਜੇ ਪਾਸੇ ਇਹ ਗਰੀਬਾਂ ਨੂੰ ਲੁੱਟ-ਲੁੱਟ ਕੇ ਰੰਗਲੇ-ਚੁਬਾਰੇ ਬਣਾ ਲੈਂਦੇ ਹਨ।ਅੱਜ ਦੇਸ਼ ਦੇ ਸਾਰੇ ਹੀ ਸਰਕਾਰੀ ਅਦਾਰਿਆਂ ਦੇ ਬਹੁਤ ਵੱਡੇ ਭਾਗ ਉੱਪਰ ਰਿਸ਼ਵਤ ਹਾਵੀ ਹੋ ਚੁੱਕੀ ਹੈ। ਜਿਸ ਕਾਰਨ ਹਰ-ਰੋਜ਼ ਲੱਖਾਂ ਗਰੀਬਾਂ ਦਾ ਨਜਾਇਜ਼ ਹੀ ਖੂਨ ਪੀਤਾ ਜਾ ਰਿਹਾ ਹੈ।ਕਈ ਮੁਲਾਜ਼ਮ ਲੱਖ-ਲੱਖ ਰੁਪਇਆ ਤਨਖਾਹ ਲੈਂਦੇ ਹਨ ਫਿਰ ਉੱਪਰੋਂ ਹੋਰ ਕਈ ਮਹਿੰਗੀਆਂ ਸਰਕਾਰੀ ਸਹੂਲਤਾਂ,ਇੰਨੇ ਨਾਲ ਵੀ ਇਹਨਾਂ ਦਾ ਜੀਅ ਨਹੀਂ ਭਰਦਾ।ਜੋ ਆਮ ਲੋਕਾਂ ਦਾ ਏ:ਸੀ ਕਮਰਿਆਂ ਵਿੱਚ ਬੈਠਕੇ ਖੂਨ ਚੂਸ ਰਹੇ ਨੇ।ਦੂਜੇ ਪਾਸੇ ਵਿਚਾਰਾ ਗਰੀਬ ਅਤੇ ਦਰਮਿਆਨਾ ਵਰਗ ਅੱਜ ਵੀ ਦੋ ਵਕਤ ਦੀ ਰੋਟੀ ਲਈ ਦਰ-ਦਰ ਧੱਕੇ ਖਾਂਦਾ ਫਿਰਦਾ ਹੈ।ਹਾਂ, ਪੰਜੇ ਉਂਗਲਾਂ ਵੀ ਇਕੋ ਜਿਹੀਆਂ ਨਹੀਂ ਹੁੰਦੀਆਂ।ਕਈ ਅਫਸਰ ਅਤੇ ਮੁਲਾਜ਼ਮ ਅਜਿਹੇ ਵੀ ਹਨ ਜੋ ਸਿਰਫ ਗਰੀਬ ਵਰਗ ਅਤੇ ਦੇਸ਼ ਦੀ ਸੇਵਾ ਕਰਨ ਲਈ ਹੀ ਸਰਕਾਰੀ ਅਦਾਰਿਆਂ ਵਿੱਚ ਆਏ ਹਨ।ਪਰੰਤੂ ਅਜਿਹੇ ਗੁਣਵਾਨ ਅਤੇ ਦੇਸ਼ ਭਗਤ ਅਫਸਰ ਬਹੁਤ ਹੀ ਘੱਟ ਹਨ। ਪ੍ਰੰਤੂ ਇਹ ਰਿਸ਼ਵਤਖੋਰਾਂ ਦੀ ਨਸਲ ਤਾਂ ਆਪਣੀ ਲੱਖਾਂ ਦੀ ਤਨਖਾਹ ਨੂੰ ਕੁਝ ਵੀ ਨਹੀ ਮੰਨਦੇ।ਜਿੰਨਾ ਚਿਰ ਇਹਨਾਂ ਨੂੰ ਉੱਪਰੋਂ ਗੱਫਾ ਨਾ ਵੱਜੇ, ਉਨ੍ਹਾਂ ਸਮਾਂ ਇੰਨਾ ਨੂੰ ਚੈਨ ਅਤੇ ਨੀਂਦ ਦੋਨੋ ਹੀ ਨਹੀ ਆਉਂਦੇ। ਦੂਜੇ ਪਾਸੇ ਜਿਹੜੇ ਨੌਜਵਾਨ ਇੰਨਾ ਤੋਂ ਵਧੇਰੇ ਪੜੇ-ਲਿਖੇ ਹਨ ਅਤੇ ਮਹੀਨੇ ਦਾ ਸਿਰਫ ਪੰਜ-ਸੱਤ ਹਜ਼ਾਰ ਹੀ ਕਮਾ ਰਹੇ।ਉਹ ਇਹਨਾਂ ਸਰਕਾਰੀ ਰਿਸ਼ਵਤਖੋਰਾਂ ਤੋਂ ਕਿਤੇ ਜ਼ਿਆਦਾ ਇਮਾਨਦਾਰ ਅਤੇ ਦੇਸ਼ ਭਗਤ ਹਨ।15 ਅਗਸਤ ਨੂੰ ਜਾਕੇ ਸਿਰਫ ਝੰਡਾ ਲਹਿਰਾ ਦੇਣ ਨਾਲ ਦੇਸ਼ ਭਗਤੀ ਨੂੰ ਨਹੀਂ ਦਰਸਾਇਆ ਜਾ ਸਕਦਾ।ਬਲਕਿ ਦੇਸ਼ ਦਾ ਝੰਡਾ ਲਹਿਰਾਉਣ ਤੋਂ ਬਾਅਦ ਤੁਸੀ ਦੇਸ਼ ਨੂੰ ਸਮਰਪਿਤ ਹੋਕੇ ਕੰਮ ਕਰਦੇ ਹੋ ਜਾਂ ਪੈਸੇ ਨੂੰ ਦੇਸ਼ ਭਗਤੀ ਦਾ ਅਨੁਮਾਨ ਇਸਤੋਂ ਲਗਾਇਆ ਜਾਂਦਾ ਹੈ। ਆਪਣੇ ਜ਼ਮੀਰ ਨੂੰ ਵੇਚਕੇ ਕੰਮ ਕਰਨ ਨਾਲੋਂ ਕਿਤੇ ਚੰਗਾ ਹੈ ਕੁਝ ਨਾ ਕਰਨਾ।
ਲੇਖਕ:- ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ, ਪੰਜਾਬ।
ਮੋ:ਨੰ:- 7901729507