ਨਵੀਂ ਦਿੱਲੀ , ਜੂਨ 2020-(ਏਜੰਸੀ ) ਅਨਲਾਕ-1 ਖਤਮ ਹੋਣ ਨਾਲ ਇਕ ਦਿਨ ਪਹਿਲੇ ਕੇਂਦਰ ਸਰਕਾਰ ਨੇ ਸੋਮਵਾਰ ਰਾਤ ਅਨਲਾਕ-2 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜੋ ਇਕ ਜੁਲਾਈ ਤੋਂ ਲਾਗੂ ਹੋਣਗੇ। ਸਕੂਲ-ਕਾਲਜ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤਕ ਬੰਦ ਰਹਿਣਗੀਆਂ। ਉਸ ਤੋਂ ਬਾਅਦ ਸੂਬਿਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਇਨ੍ਹਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਅਜੇ ਰੋਕ ਰਹੇਗੀ। ਹਾਲਾਂਕਿ, ਵੰਦੇ ਭਾਰਤ ਮੁਹਿੰਮ ਤਹਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਛੋਟ ਰਹੇਗੀ। ਘਰੇਲੂ ਉਡਾਣਾਂ ਤੇ ਯਾਤਰੀ ਟਰੇਨੈਂ ਦਾ ਘੇਰਾ ਵੀ ਪੜਾਅਬੱਧ ਤਰੀਕੇ ਨਾਲ ਵਧਾਇਆ ਜਾਵੇਗਾ, ਪਰ ਮੈਟਰੋ ਰੇਲ, ਸਿਨੇਮਾ, ਜਿੰਮ ਤੇ ਬਾਰ ਬੰਦ ਰਹਿਣਗੇ।
ਨਵੀਆਂ ਹਦਾਇਤਾਂ ਅਨੁਸਾਰ, ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤਕ ਨਾਈਟ ਕਰਫਿਊ ਰਹੇਗਾ, ਇਸ ਦੌਰਾਨ ਲੋਕਾਂ ਦੀ ਆਵਾਜਾਈ 'ਤੇ ਰੋਕ ਰਹੇਗੀ। ਜ਼ਰੂਰੀ ਗਤੀਵਿਧੀਆਂ ਤੇ ਕੁਝ ਹੋਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੇਂਦਰ ਤੇ ਸੂਬਾ ਸਰਕਾਰ ਦੇ ਸਿਖਲਾਈ ਕੇਂਦਰ 15 ਜੁਲਾਈ ਤੋਂ ਖੁੱਲ੍ਹ ਜਾਣਗੇ। ਇਸ ਸਬੰਧ ਵਿਚ ਅਮਲਾ ਤੇ ਸਿਖਲਾਈ ਵਿਭਾਗ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਕੰਟੇਨਮੈਂਟ ਜ਼ੋਨ ਵਿਚ 31 ਜੁਲਾਈ ਤਕ ਲਾਕਡਾਊਨ ਲਾਗੂ ਰਹੇਗਾ। ਇਨ੍ਹਾਂ ਖੇਤਰਾਂ ਵਿਚ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਸ਼ਿਫਟ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਰਾਤ ਦੇ ਕਰਫਿਊ ਤੋਂ ਛੋਟ ਰਹੇਗੀ।
ਦੁਕਾਨਾਂ 'ਚ ਭੀੜ ਜਮ੍ਹਾ ਹੋਣ ਤੋਂ ਰੋਕਣ ਦੇ ਉਪਾਅ ਜਾਰੀ ਰਹਿਣਗੇ। ਇਕ ਵਾਰੀ 'ਚ ਪੰਜ ਤੋਂ ਜ਼ਿਆਦਾ ਲੋਕਾਂ ਨੂੰ ਦੁਕਾਨ 'ਚ ਵੜਨ 'ਤੇ ਰੋਕ ਰਹੇਗੀ। ਉਨ੍ਹਾਂ ਨੂੰ ਵੀ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਦੇ ਇਲਾਵਾ ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਵਿੱਦਿਅਕ, ਸੱਭਿਆਚਾਰਕ ਤੇ ਧਾਰਮਿਕ ਪ੍ਰੋਗਰਾਮਾਂ 'ਤੇ ਭੀੜ ਜਮ੍ਹਾ ਹੋਣ ਵਾਲੇ ਸਮਾਗਮਾਂ ਦੇ ਆਯੋਜਨ 'ਤੇ ਰੋਕ ਜਾਰੀ ਰਹੇਗੀ।