ਕੋਰੋਨਾ ਕਾਰਨ ਪੰਜਾਬ 'ਚ 6 ਲੋਕਾਂ ਦੀ ਮੌਤ, 218 ਨਵੇਂ ਪਾਜ਼ੇਟਿਵ ਕੇਸ

ਚੰਡੀਗੜ,  ਜੂਨ 2020 -  (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ ਵਿਚ ਐਤਵਾਰ ਨੂੰ ਛੇ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 136 ਹੋ ਗਿਆ ਹੈ। ਪਟਿਆਲੇ ਵਿਚ ਸਿੱਖਿਆ ਵਿਭਾਗ ਦੇ 50 ਸਾਲਾ ਮੁਲਾਜ਼ਮ ਤੇ 60 ਸਾਲਾ ਬਜ਼ੁਰਗ ਦੀ ਮੌਤ ਹੋ ਗਏ। ਉਧਰ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਬਾਲਾ ਮਸਾਨੀਆ ਦੀ 70 ਸਾਲਾ ਬਜ਼ੁਰਗ ਔਰਤ ਨੇ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਜ਼ਿਲ੍ਹੇ ਵਿਚ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਕਤ ਔਰਤ ਦਿਲ ਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ। ਉਧਰ ਜਲੰਧਰ ਦੀ ਇਕ 75 ਸਾਲਾ ਔਰਤ ਦੀ ਵੀ ਅੰਮ੍ਰਿਤਸਰ ਵਿਚ ਮੌਤ ਹੋ ਗਈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਗੰਭੀਰ ਹਾਲਤ ਵਿਚ ਜਲੰਧਰ ਤੋਂ ਰੈਫਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਪਿੰਡ ਬਡਿਆਲ ਦੀ 62 ਸਾਲਾ ਔਰਤ ਨੇ ਲੁਧਿਆਣੇ 'ਚ ਦਮ ਤੋੜ ਦਿੱਤਾ ਜਦਕਿ ਲੁਧਿਆਣੇ ਵਿਚ 17 ਸਾਲਾ ਵਿਅਕਤੀ ਦੀ ਜਾਨ ਚਲੇ ਗਈ।

ਪੰਜਾਬ ਵਿਚ ਐਤਵਾਰ ਨੂੰ 218 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਸੰਗਰੂਰ 'ਚ ਸਭ ਤੋਂ ਜ਼ਿਆਦਾ 70, ਲੁਧਿਆਣੇ ਵਿਚ 46, ਪਟਿਆਲੇ 'ਚ 30, ਜਲੰਧਰ ਵਿਚ 18, ਅੰਮ੍ਰਿਤਸਰ ਵਿਚ 13, ਨਵਾਂਸ਼ਹਿਰ ਵਿਚ 12 ਤੇ ਹੋਰਨਾਂ ਜ਼ਿਲ੍ਹਿਆਂ ਵਿਚ 29 ਕੇਸ ਆਏ। 206 ਲੋਕਾਂ ਨੂੰ ਸਿਹਤਯਾਬ ਹੋਣ ਪਿੱਛੋਂ ਛੁੱਟੀ ਦੇ ਦਿੱਤੀ ਗਈ। ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 5601 ਹੋ ਗਈ ਹੈ ਪਰ ਸਰਗਰਮ ਕੇਸ 1939 ਹੀ ਹਨ।