ਲੁਧਿਆਣਾ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਥਾਨਕ ਸਰਾਭਾ ਨਗਰ ਮਾਰਕੀਟ ਦੇ ਨਵੀਨੀਕਰਨ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਹਾਜ਼ਰ ਸਨ। ਆਸ਼ੂ ਨੇ ਦੱਸਿਆ ਕਿ ਕਰੀਬ 38.62 ਕਰੋੜ ਰੁਪਏ ਦੀ ਲਾਗਤ ਨਾਲ ਇਸ ਮਾਰਕੀਟ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।ਇਸ ਸਮੇਂ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ 'ਸਮਾਰਟ ਸਿਟੀ ਪ੍ਰੋਜੈਕਟ' ਦਾ ਮੁੱਖ ਨਿਸ਼ਾਨਾ ਲੁਧਿਆਣਾ ਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਜ਼ਿੰਦਗੀ ਜੀਣ ਦੇ ਮਿਆਰ ਵਿੱਚ ਸੁਧਾਰ ਲਿਆਉਣਾ ਹੈ ਤੇ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਪ੍ਰੋਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਸਾਫ-ਸੁੱਥਰਾ ਵਾਤਾਵਰਣ ਮੁਹੱਈਆ ਕਰਵਾਉਣਾ, ਸਮਾਰਟ ਫੀਚਰਜ਼ ਅਤੇ ਜ਼ਰੂਰੀ ਸਹੂਲਤਾਂ ਦੇਣੀਆਂ ਹਨ। ਉਨਾਂ ਕਿਹਾ ਕਿ ਇਸ ਮਾਰਕੀਟ ਦੀ ਨਕਸ਼ੇ, ਲੈਂਡਸਕੇਪ ਕੰਮ ਦੀ ਸਪਲਾਈ ਅਤੇ ਸਥਾਪਤੀ ਵਿੱਚ ਅਪਗ੍ਰੇਡੇਸ਼ਨ ਦੇ ਨਾਲ-ਨਾਲ ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕਰਨਾ ਸ਼ਾਮਿਲ ਹੈ। ਉਨਾਂ ਕਿਹਾ ਕਿ ਜਲਦੀ ਹੀ ਬਿਜਲੀ ਦੀਆਂ ਸਾਰੀਆਂ ਤਾਰਾਂ ਜ਼ਮੀਨਦੋਜ਼ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਬਹੁਤ ਵਧੀਆ ਦਿੱਖ ਮਿਲੇਗੀ।
ਉਨਾਂ ਦੱਸਿਆ ਕਿ ਇਸ ਮਾਰਕੀਟ ਦੇ ਬੁਨਿਆਦੀ ਢਾਂਚੇ ਵਿੱਚ ਮਿਸਾਲੀ ਸੁਧਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ। ਲੋਕ ਹਿੱਤ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਅੱਗ ਬੁਝਾਊ ਸੇਵਾਵਾਂ, ਅੰਡਰਗ੍ਰਾਂਊਂਡ ਵਾਟਰ ਰੀਚਾਰਜ ਅਤੇ ਪਾਰਕਿੰਗ ਸਥਾਨ ਦੀ ਰੈਗੂਲਰਾਈਜੇਸ਼ਨ ਕੀਤੀ ਜਾਣੀ ਪ੍ਰਸਤਾਵਿਤ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਤਹਿਤ ਮੌਜੂਦਾ ਪਾਰਕਿੰਗ ਸਮਰੱਥਾ ਵਿੱਚ ਵਾਧਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਇਸ ਮਾਰਕੀਟ ਦਾ ਲਾਭ ਲੈ ਸਕਣ।ਆਸ਼ੂ ਨੇ ਭਰੋਸਾ ਦਿੱਤਾ ਕਿ ਜਦੋਂ ਇਸ ਮਾਰਕੀਟ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਇਹ ਸੂਬੇ ਦੀ ਸਭ ਤੋਂ ਵਧੀਆ ਮਾਰਕੀਟ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਬਹੁਤ ਲਾਭਦਾਇਕ ਹੋਵੇਗਾ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ।