ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ

27 ਜੂਨ ਅੱਠ ਮੌਤਾਂ, 

81 ਨਵੇਂ ਪਾਜ਼ੇਟਿਵ ਕੇਸ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ 10 ਦਿਨਾਂ 'ਚ ਕੋਰੋਨਾ ਨਾਲ 47 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸ਼ਨਿਚਰਵਾਰ ਨੂੰ ਅੱਠ ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਸੰਗਰੂਰ 'ਚ ਤਿੰਨ, ਅੰਮ੍ਰਿਤਸਰ 'ਚ ਦੋ, ਜਦਕਿ ਬਠਿੰਡਾ, ਪਠਾਨਕੋਟ ਤੇ ਜਲੰਧਰ 'ਚ ਇਕ-ਇਕ ਵਿਅਕਤੀ ਦੀ ਜਾਨ ਗਈ। ਸੰਗਰੂਰ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 12 ਹੋ ਗਈ ਹੈ। ਇਨ੍ਹਾਂ 'ਚ ਮਾਲੇਰਕੋਟਲਾ ਦੀ 55 ਸਾਲਾ ਔਰਤ, 63 ਸਾਲਾ ਬਜ਼ੁਰਗ ਤੇ 48 ਸਾਲਾ ਇਕ ਹੋਰ ਵਿਅਕਤੀ ਸ਼ਾਮਲ ਹਨ। ਦੋ ਮਰੀਜ਼ਾਂ ਨੇ ਲੁਧਿਆਣੇ ਦੇ ਡੀਐੱਮਸੀ ਤੇ ਇਕ ਨੇ ਲੁਧਿਆਣੇ ਦੇ ਹੀ ਇਕ ਹੋਰ ਹਸਪਤਾਲ 'ਚ ਦਮ ਤੋੜਿਆ। ਅੰਮ੍ਰਿਤਸਰ 'ਚ ਰਈਆ ਦੀ 67 ਸਾਲਾ ਔਰਤ ਤੇ ਦਬੁਰਜੀ ਰੋਡ ਦੇ 67 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਜ਼ਿਲ੍ਹੇ 'ਚ ਮਰਨ ਵਾਲਿਆਂ ਦਾ ਅੰਕੜਾ ਸੂਬੇ 'ਚ ਸਭ ਤੋਂ ਜ਼ਿਆਦਾ 39 ਹੋ ਗਿਆ ਹੈ। ਬਠਿੰਡੇ 'ਚ 50 ਸਾਲਾ ਵਿਅਕਤੀ ਤੇ ਜਲੰਧਰ 'ਚ 66 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਸੂਬੇ 'ਚ ਹੁਣ ਮਰਨ ਵਾਲਿਆਂ ਦੀ ਗਿਣਤੀ 130 ਹੋ ਗਈ ਹੈ। ਉੱਥੇ, ਸ਼ਨਿਚਰਵਾਰ ਨੂੰ ਸੂਬੇ 'ਚ 81 ਨਵੇਂ ਕੇਸ ਸਾਹਮਣੇ ਆਏ। ਜਲੰਧਰ 'ਚ ਸਭ ਤੋਂ ਜ਼ਿਆਦਾ 20, ਲੁਧਿਆਣੇ 'ਚ 20, ਅੰਮ੍ਰਿਤਸਰ 'ਚ 14 ਤੇ ਹੋਰ ਜ਼ਿਲ੍ਹਿਆਂ 'ਚ 27 ਕੇਸ ਸਾਹਮਣੇ ਆਏ। ਸੂਬੇ 'ਚ ਸ਼ਨਿਚਰਵਾਰ ਨੂੰ 119 ਲੋਕ ਸਿਹਤਯਾਬ ਹੋਏ। ਸੂਬੇ 'ਚ ਹੁਣ ਸਰਗਰਮ ਕੇਸ 1734 ਹੋ ਗਏ ਹਨ।