ਟੈਸਟ ਐਡ ਟਰੇਸ ਪ੍ਰੋਗਰਾਮ ਤਹਿਤ ਯੂ. ਕੇ. 'ਚ 90000 ਲੋਕਾਂ ਨੂੰ ਇਕਾਂਤਵਾਸ 'ਚ ਭੇਜਿਆ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ. ਕੇ. ਵਿਚ ਦੋ ਹਫ਼ਤੇ ਪਹਿਲਾਂ ਸ਼ੁਰੂ ਹੋਏ ਟੈਸਟ ਐਡ ਟਰੇਸ ਪ੍ਰੋਗਰਾਮ ਤਹਿਤ ਹੁਣ ਤੱਕ 90000 ਲੋਕਾਂ ਨੂੰ ਇਕਾਂਤਵਾਸ ਭੇਜਿਆ ਜਾ ਚੁੱਕਾ ਹੈ । ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸ ਸਿਸਟਮ ਨੂੰ ਦੁਨੀਆ ਦਾ ਬਿਹਤਰ ਸਿਸਟਮ ਕਿਹਾ ਸੀ । ਭਾਵੇਂ ਕਿ ਸ਼ੁਰੂਆਤੀ ਦਿਨਾਂ ਵਿਚ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਟਰੇਸਿੰਗ ਸਿਸਟਮ ਦੇ ਦੂਜੇ ਹਫ਼ਤੇ 4366 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ, ਜਿਨ੍ਹਾਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ ਗਈ । ਲਗਪਗ 6000 ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ ਤੇ 73.4 ਫ਼ੀਸਦੀ ਤੱਕ ਸਫਲਤਾ ਹਾਸਲ ਹੋਈ । ਜਿਨ੍ਹਾਂ 'ਚੋਂ 90.6 ਫ਼ੀਸਦੀ ਤੱਕ ਪਹੁੰਚ ਕਰਨ ਵਿਚ ਸਫਲਤਾ ਮਿਲੀ ਜਿਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਸੁਝਾਅ ਦਿੱਤਾ ਗਿਆ । ਇਸ ਸਕੀਮ ਦੇ ਇਕ ਹਫ਼ਤੇ ਵਿਚ 8117 ਲੋਕਾਂ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 5407 ਲੋਕਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨੂੰ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਗਿਆ । ਇਸ ਕੰਮ ਵਿਚ 25000 ਲੋਕ ਜੁਟੇ ਹੋਏ ਹਨ । ਹੁਣ ਤੱਕ ਪਾਜ਼ੀਟਿਵ ਆਏ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਕੁੱਲ 90000 ਲੋਕਾਂ ਨੂੰ ਇਕਾਂਤਵਾਸ ਵਿਚ ਜਾਣ ਦਾ ਮਸ਼ਵਰਾ ਦਿੱਤਾ ਜਾ ਚੁੱਕਾ ਹੈ