ਜਗਰਾਂਉ ਵਿਖੇ ਜੱਚਾ ਬੱਚਾ ਹਸਪਤਾਲ ਦਾ ਨੀਂਹ ਪੱਥਰ

7055 ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਜਲਦ- ਬਲਬੀਰ ਸਿੰਘ ਸਿੱਧੂ

ਜਗਰਾਉਂ/ਲੁਧਿਆਣਾ, ਜੂਨ 2020-(ਸਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿਲ  )-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪਤਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਹ ਹਸਪਤਾਲ 8.5 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਤਪਾਲ ਦੇ ਘੇਰੇ ਦੇ ਅੰਦਰ ਹੀ ਬਣੇਗਾ। ਇਸ ਹਸਪਤਾਲ ਨੂੰ ਇੱਕ ਸਾਲ ਵਿੱਚ ਤਿਆਰ ਕਰਨ ਦਾ ਟੀਚਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਇਸ ਹਸਪਤਾਲ ਦੀ ਇਮਾਰਤ ਤਿੰਨ ਮੰਜਿਲਾ ਹੋਵੇਗੀ, ਜਿਸ ਵਿੱਚ ਅਲਟਰਾਸਾਊਂਡ, ਈ. ਸੀ. ਜੀ., ਲੈਬਾਰਟਰੀ, ਫਾਰਮੇਸੀ, ਫੀਡਿੰਗ ਰੂਮ, ਨਵੇਂ ਬੱਚਿਆਂ ਦੇ ਜਨਮ ਸੰਬੰਧੀ ਯੂਨਿਟ, ਰਿਕਵਰੀ ਰੂਮ, ਏ-ਸੈਪਟਿਕ ਆਪਰੇਸ਼ਨ ਥੀਏਟਰ, ਪ੍ਰੀ-ਨਟਲ ਰੂਮ, ਲੇਬਰ ਰੂਮ, ਸੈਪਟਿਕ ਲੇਬਰ ਰੂਮ, ਬੱਚਿਆਂ ਦਾ ਵਾਰਡ, ਨਰਸਿੰਗ ਸਟੇਸ਼ਨ, ਪ੍ਰਾਈਵੇਟ ਕਮਰੇ, ਵਾਰਡ ਅਤੇ ਹੋਰ ਸਹੂਲਤਾਂ ਉਪਲਬੱਧ ਹੋਣਗੀਆਂ। ਇਸ ਹਸਪਤਾਲ ਵਿੱਚ ਲਿਫ਼ਟ ਦੀ ਸਹੂਲਤ ਵੀ ਹੋਵੇਗੀ, ਜੋ ਕਿ ਤਿੰਨਾਂ ਮੰਜਿਲਾਂ ਨੂੰ ਆਪਸ ਵਿੱਚ ਜੋੜੇਗੀ। ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਰਬੋਤਮ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਉਨਾਂ ਕਿਹਾ ਕਿ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹੋਰ ਹਸਪਤਾਲ ਅਤੇ ਟਰੌਮਾ ਸੈਂਟਰ ਸਥਾਪਤ ਕੀਤੇ ਜਾਣਗੇ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ 7055 ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ। ਸਟਾਫ਼ ਵਿੱਚ 500 ਮੈਡੀਕਲ ਅਫ਼ਸਰ, 500 ਸਪੈਸ਼ਲਿਸਟ ਡਾਕਟਰ, ਪੈਰਾ ਮੈਡੀਕਲ ਸਟਾਫ਼, ਏ. ਐੱਨ. ਐੱਮਜ਼, ਮਲਟੀਪਰਪਜ਼ ਹੈੱਲਥ ਵਰਕਰ, ਨਰਸਿਜ਼, ਟੈਕਨੀਕਲ ਸਟਾਫ਼ ਅਤੇ ਹੋਰ ਸ਼ਾਮਿਲ ਹਨ। ਸਿੱਧੂ ਨੇ ਕਿਹਾ ਕਿ ਕੋਵਿਡ 19 ਦੌਰਾਨ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਇਸ ਸਥਿਤੀ ਵਿੱਚ ਮੋਹਰੀ ਹੋ ਕੇ ਲੜ ਰਿਹਾ ਹੈ। ਇਸੇ ਕਾਰਨ ਹੀ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪੀੜਤਾਂ ਦੀ ਗਿਣਤੀ ਬਹੁਤ ਘੱਟ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਸਿਹਤ ਵਿਭਾਗ ਦਾ ਸਟਾਫ਼ ਲੋਕਾਂ ਨੂੰ ਕੋਵਿਡ 19 ਬਿਮਾਰੀ ਦਾ ਟਾਕਰਾ ਕਰਨ ਲਈ ਜਾਗਰੂਕ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ  ਹਰਜੋਤ ਕਮਲ, ਜ਼ਿਲਾ ਯੋਜਨਾ ਬੋਰਡ ਚੇਅਰਮੈਨ ਮਲਕੀਤ ਸਿੰਘ ਦਾਖਾ, ਚੇਅਰਮੈਨ ਕੇ.ਕੇ. ਬਾਵਾ, ਪੰਜਾਬ ਹੈੱਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਰਾਹੁਲ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਸ਼੍ਰੀ ਪਰਸ਼ੋਤਮ ਲਾਲ ਖਲੀਫਾਂ, ਸਮੂਹ ਲੋਕਲ ਲੀਡਰਸਿੱਪ ਕਾਂਗਰਸ ਪਾਰਟੀ ਅਤੇ ਹੋਰ ਹਾਜ਼ਰ ਸਨ।