ਸਿਵਲ ਹਸਪਤਾਲ ਦੇ ਏਕਾਂਤਵਾਸ ਦੇ ਪ੍ਬੰਧਾ ਦੀ ਚੈਕਿੰਗ ਲਈ ਪੁੱਜੇ ਐੱਸਡੀਐੱਮ

ਜਗਰਾਓਂ/ਲੁਧਿਆਣਾ, ਜੂਨ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

ਜਗਰਾਓਂ ਦੇ ਨਵੇਂ ਆਏ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਜਗਰਾਓਂ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਕੋਵਿਡ-19 ਨੂੰ ਲੈ ਕੇ ਬਣਾਏ ਗਏ ਏਕਾਂਤਵਾਸ ਵਾਰਡ ਦੀ ਅਚਾਨਕ ਚੈਕਿੰਗ ਕੀਤੀ। ਵਰਣਨਯੋਗ ਹੈ ਕਿ ਏਕਾਂਤਵਾਸ ਵਾਰਡ ਵਿਚ ਪਿੰਡ ਮੱਲ੍ਹਾ ਦੀ ਕੋਰੋਨਾ ਪਾਜੇਟਿਵ ਮਰੀਜ਼ ਬਲਜਿੰਦਰ ਕੌਰ ਨੇ ਵੀਡੀਓ 'ਤੇ ਲਾਈਵ ਹੋ ਕੇ ਸਿਵਲ ਹਸਪਤਾਲ ਦੇ ਏਕਾਂਤਵਾਸ ਵਾਰਡ ਵਿਚ ਸਾਫ ਸਫਾਈ ਦੇ ਬੁਰੇ ਹਾਲ ਤੋਂ ਲੈ ਕੇ ਪਾਣੀ ਤਕ ਨਾ ਮਿਲਣ ਦੇ ਦੋਸ਼ ਲਗਾਏ ਸਨ। ਇਹ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਪੁੱਜਾ ਤਾਂ ਉਨ੍ਹਾਂ ਦੀਆਂ ਹਦਾਇਤਾਂ 'ਤੇ ਐੱਸਡੀਐੱਮ ਧਾਲੀਵਾਲ ਅਤੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਅਚਾਨਕ ਅੱਜ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਇਸ ਦੌਰਾਨ ਸਿਵਲ ਹਸਪਤਾਲ ਤੋਂ ਇਲਾਵਾ ਏਕਾਂਤਵਾਸ ਵਾਰਡ ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਦੌਰਾਨ ਵਾਰਡ ਦਾ ਜਾਇਜ਼ਾ ਲੈਂਦਿਆਂ ਹਸਪਤਾਲ 'ਚ ਬਣੀ ਰਸੋਈ ਅਤੇ ਵੱਖ ਵੱਖ ਵਿੰਗਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਐੱਸਡੀਐੱਮ ਧਾਲੀਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਸਿਵਲ ਹਸਪਤਾਲ ਦੇ ਅੱਜ ਦੇ ਦੌਰੇ ਦੌਰਾਨ ਜਿੱਥੇ ਸਾਫ ਸਫਾਈ ਦੇ ਬੇਹਤਰ ਪ੍ਰਬੰਧ ਨਜ਼ਰ ਆਏ, ਉਥੇ ਰਸੋਈ ਵਿਚ ਖਾਣਾ ਸਵਾਦਿਸ਼ਟ ਅਤੇ ਸਾਫ ਸੁਥਰਾ ਬਣ ਰਿਹਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਏਕਾਂਤਵਾਸ ਵਾਰਡ ਨੂੰ ਪੂਰੀ ਤਰ੍ਹਾਂ ਸਾਫ ਸੁਥਰਾ ਅਤੇ ਤਮਾਮ ਸਹੂਲਤਾਂ ਨਾਲ ਲੈਸ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਐੱਸਐੱਮਓ ਡਾ. ਸੁਖਜੀਵਨ ਕੱਕੜ ਤੋਂ ਸਿਵਲ ਹਸਪਤਾਲ 'ਚ ਮਰੀਜ਼ਾਂ ਦੇ ਇਲਾਜ, ਸਹੂਲਤਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ।