ਕਰੋਨਾ ਵਾਇਰਸ ਅਤੇ ਪੰਜਾਬੀ ਲੋਕ✍️ ਅਮਨਜੀਤ ਸਿੰਘ ਖਹਿਰਾ

ਕਰੋਨਾ ਵਾਇਰਸ ਅਤੇ ਪੰਜਾਬੀ ਲੋਕ

ਮੈਂ ਕਿਸੇ ਵੀ ਪਾਰਟੀ ਜਾਂ ਲੀਡਰ ਦੀ ਸੁਪੋਰਟ ਨਹੀਂ ਕਰ ਰਿਹਾ,ਪਰ ਮੌਜੂਦਾ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਰਕਾਰਾਂ ਵੱਲੋ ਜਨਤਾ ਕਰਫਿਊ ਦਾ ਲਿਆ ਗਿਆ ਫੈਸਲਾ ਮੇਰੇ ਅਨੁਸਾਰ ਜਨਤਾ ਦੀ ਭਲਾਈ ਲਈ ਲਿਆ ਗਿਆ ਬਿਲਕੁਲ ਸਹੀ ਫੈਸਲਾ ਹੈ ਅਤੇ ਮੈਂ ਇਸਦਾ ਸਮੱਰਥਨ ਕਰਦਾ ਹਾਂ। ਇਸ ਫੈਸਲੇ ਦਾ ਬਹੁਤ ਲੋਕ ਵਿਰੋਧ ਵੀ ਕਰ ਰਹੇ ਹਨ ਅਤੇ ਆਖਦੇ ਹਨ ਸਰਕਾਰਾਂ ਨੂੰ ਇਸ ਦੀ ਰੋਕਥਾਮ ਕਰਨ ਲਈ ਕਦਮ ਪੁੱਟਣੇ ਚਾਹੀਦੇ ਹਨ ਨਾ ਕਿ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ । ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਦਮ ਕਿਹੜੇ ਹਨ ਜੋ ਸਾਡੇ ਤੋਂ 100 ਸਾਲ ਅੱਗੇ ਜਾ ਰਹੇ ਅਤੇ ਸਾਡੀ ਆਰਥਿਕਤਾ ਤੋਂ ਕਿਤੇ ਮਜਬੂਤ ਆਰਥਿਕਤਾ ਵਾਲੇ ਦੇਸ਼ ਵੀ ਇਸ ਖ਼ਤਰਨਾਕ ਕਰੋਨਾ ਵਾਇਰਸ ਦੀ ਰੋਕਥਾਮ ਲਈ ਨਹੀਂ ਪੁੱਟ ਸਕੇ ਅਤੇ ਇਸ ਅੱਗੇ ਆਪਣੇ ਗੋਡੇ ਟੇਕ ਗਏ।ਚੀਨ ਦੇ ਵੂਹਾਨ ਸਹਿਰ ਵਿੱਚੋਂ ਉੱਠਿਆ ਇਹ ਕਰੋਨਾ ਵਾਇਰਸ ਅੱਜ 180 ਦੇਸ਼ਾਂ ਦੇ 3 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ,ਪਰ ਅਜੇ ਤੱਕ ਕੋਈ ਵੀ ਦੇਸ਼ ਇਸ ਦੀ ਵੈਕਸੀਨ ਦੀ ਖੋਜ ਨਹੀਂ ਕਰ ਸਕਿਆ ਅਤੇ ਜੇਕਰ ਖੋਜ਼ ਹੁੰਦੀ ਵੀ ਹੈ ਤਾਂ ਹੋ ਸਕਦਾ ਹੈ ਪ੍ਰੀਖਣ ਕਰਦੇ ਕਿੰਨੇ ਮਹੀਨੇ ਲੱਗ ਜਾਣ। ਪਰ ਸਾਡੇ ਭਾਰਤੀ ਖਾਸ ਕਰਕੇ ਪੰਜਾਬੀ ਪਤਾ ਨਹੀਂ ਕਿਹੜੇ ਕਦਮਾਂ ਦੀ ਗੱਲ ਕਰ ਰਹੇ ਹਨ ਜੋ ਇਹ ਡਬਲਿਪ ਮੁਲਕ ਨਹੀਂ ਦੇਖ ਸਕੇ ਜਾਂ ਸਾਡੀ ਆਹ ਫ਼ਿਤਰਤ ਹੀ ਕਿ ਅਸੀਂ ਹਮੇਸ਼ਾ ਨੁਕਤਾਚੀਨੀ ਹੀ ਕਰਨੀ ਹੈ । ਸੋਚਣ ਵਾਲੀ ਗੱਲ ਹੈ ਕਿ ਚੀਨ ਵਿੱਚ ਪਿਛਲੇ ਸਮੇਂ ਤੋਂ ਹੁਣ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ,ਓਥੇ ਇੱਕ ਕਰੋਨਾ ਹਸਪਤਾਲ ਬੰਦ ਹੋ ਗਿਆ ਅਤੇ ਚੀਨ ਦੀ ਜ਼ਿੰਦਗੀ ਹੌਲੀ-ਹੌਲੀ ਲੀਹ ਤੇ ਆ ਰਹੀ ਹੈ।ਪਰ ਇਹ ਸਭ ਕਿਵੇਂ ਹੋਇਆ ਜਦਕਿ ਇਹ ਸਭ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ।ਇਸ ਦਾ ਸਭ ਤੋਂ ਵੱਡਾ ਇਲਾਜ ਸਿਰਫ਼ ਨਾਕ-ਡਾਊਨ ਹੀ ਹੈ, ਜਿਸਦਾ ਚੀਨ ਨੂੰ ਬਹੁਤ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਾਅਦ ਪਤਾ ਲੱਗਾ । ਪਰ ਸਾਡੀਆਂ ਸਰਕਾਰਾਂ ਨੇ ਇਹ ਕਦਮ ਪਹਿਲਾਂ ਪੁੱਟ ਲਏ ਤਾਂ ਸਾਡੇ ਸਮਝਦਾਰ ਲੋਕ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਸਰਕਾਰਾਂ ਦੀ ਨਿੰਦਿਆ ਕਰਨ ਲੱਗ ਪਏ। ਇਹ ਗੱਲ ਸਹੀ ਹੈ ਕਿ ਗਰੀਬ ਲੋਕਾਂ ਦੀ ਜਿੰਦਗੀ ਹਰ ਰੋਜ ਕਮਾਈ ਅਤੇ ਖਾਂਦੀ ਵਾਲੀ ਹੈ ਪਰ ਜੇ ਦੇਖਿਆ ਜਾਵੇ ਕਿ ਮੀਂਹ-ਹਨੇਰੀ ਦੇ ਦੌਰਾਨ ਵੀ ਘਰ ਬੈਠ ਕੇ ਖਾਂਦੇ ਹਾਂ ਤਾਂ ਇਹਨਾਂ ਕੁਝ ਦਿਨਾਂ ਨਾਲ ਕੁਝ ਨਹੀਂ ਹੁੰਦਾ। ਜੇਕਰ ਤੰਦਰੁਸਤ ਅਤੇ ਜਿਉਂਦੇ ਰਹੇ ਤਾਂ ਬਥੇਰਾ ਕਮਾ ਸਕਦੇ ਹਾਂ ਜੇਕਰ ਕਮਾਉਣ ਵਾਲਾ ਹੀ ਨਾ ਰਿਹਾ ਤਾਂ ਫਿਰ ਕੀ ਹੋਵੇਗਾ? ਸੋ ਮੇਰੀ ਬੇਨਤੀ ਹੈ ਇਹਨਾਂ ਸਿਆਣੀ ਸੋਚ ਵਾਲੇ ਲੋਕਾਂ ਨੂੰ ਕਿ ਅਲੋਚਨਾ ਕਰਨ ਦੀ ਥਾਂ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜਿੰਦਗੀ ਦਾ ਖਿਆਲ ਰੱਖ ਕੇ ਕੁਝ ਦਿਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵੱਲ ਧਿਆਨ ਦੇਵੋ ਅਤੇ ਮੋਬਾਈਲ ਦੀ ਦੁਨੀਆਂ ਤੋਂ ਬਾਹਰ ਆ ਕੇ ਦੇਖੋ ਕਿ ਪਰਿਵਾਰ ਦੇ ਦੂਜੇ ਮੈਂਬਰ ਕਿੰਨੇ ਚੰਗੇ ਹਨ।  ਯਾਦ ਰੱਖੋ ਕਿ ਕਰੋਨਾ ਵਾਇਰਸ ਆਪਣੇ ਆਪ ਤੁਹਾਡੇ ਘਰ ਨਹੀਂ ਆਵੇਗਾ ਬਲਕਿ ਤੁਸੀ ਬਾਹਰ ਨਿਕਲ ਕੇ ਉਸਨੂੰ ਆਪ ਘਰ ਲੇ ਕੇ ਆਵੋਗੇ ਅਤੇ ਆਪਣੇ ਪਰਿਵਾਰ ਅਤੇ ਸਮਾਜ ਲਈ ਖਤਰੇ ਦੀ ਘੰਟੀ ਵਜਾਓਗੇ। ਆਓ ਇਸ ਵਾਇਰਸ ਦੀ ਚੇਨ ਤੋੜ ਕੇ ਆਪਣੇ ਆਪ ਅਤੇ ਦੂਸਰਿਆਂ ਨੂੰ  ਸੇਫ ਰੱਖੀਏ। ਅੱਜ ਜੇ ਤੁਸੀਂ ਆਪਣੇ ਆਪ ਨੂੰ ਬਚਾਓ ਗੇ ਤਾਂ ਦੂਜੇ ਨੂੰ ਵੀ ਬਚਾ ਲਵੋਗੇ।

 

  ✍️ ਅਮਨਜੀਤ ਸਿੰਘ ਖਹਿਰਾ