ਲੰਡਨ , ਜੂਨ 2020 -(ਰਾਜੀਵ ਸਮਰਾ)-
-ਪ੍ਰਸਿੱਧ ਕਬੱਡੀ ਪ੍ਰਮੋਟਰ ਸਭਿਆਚਾਰ ਪ੍ਰੋਮਟਰ ਜਸਕਰਨ ਸਿੰਘ ਜੌਹਲ ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਰਛਪਾਲ ਸਿੰਘ ਸੰਘਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਨਿੱਜੀ ਤੰਬਾਕੂ ਕੰਪਨੀ ਦੁਆਰਾ ਤੰਬਾਕੂ ਦੇ ਡੱਬੀ ਉੱਤੇ ਰਵਿਦਾਸ ਸਮਾਜ ਦੇ ਮਹਾਂਪੁਰਖ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਲਗਾਈ ਗਈ ਹੈ। ਜੋ ਕਿ ਬਹੁਤ ਹੀ ਗੰਦੀ ਸੋਚ ਦਾ ਪ੍ਰਤੀਕ ਹੈ। ਉਕਤ ਆਗੂਆਂ ਨੇ ਤੰਬਾਕੂ ਦੀ ਡੱਬੀ ਦੇ ਉੱਪਰ ਗੁਰੂ ਰਵਿਦਾਸ ਦੀ ਤਸਵੀਰ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੰਪਨੀ ਦੁਆਰਾ ਇਸ ਤਰ੍ਹਾਂ ਕਰਨ ਨਾਲ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਰਵਿਦਾਸ ਭਾਈਚਾਰੇ ਦੇ ਮਨਾਂ ਠੇਸ ਪਹੁੰਚੀ ਹੈ । ਸਮੁੱਚੇ ਭਾਈਚਾਰੇ ਦੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਨਸ਼ੇ ਵਾਲੀਆਂ ਵਸਤੂਆਂ ਤੇ ਮਹਾਂਪੁਰਖਾਂ ਦੀਆਂ ਤਸਵੀਰਾਂ ਲਗਾਉਣਾ ਸਰਾਸਰ ਗਲਤ ਹੈ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਦੇਸ਼ ਦਾ ਸੰਵਿਧਾਨ ਕਿਸੇ ਨੂੰ ਵੀ ਕਿਸੇ ਵੀ ਧਰਮ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਆਗਿਆ ਨਹੀਂ ਦਿੰਦਾ ਕੰਪਨੀ ਦੁਆਰਾ ਇਸ ਤਰ੍ਹਾਂ ਕਰਕੇ ਕੰਪਨੀ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ । ਉਕਤ ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤੰਬਾਕੂ ਕੰਪਨੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਤੰਬਾਕੂ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਵੇ, ਤਾਂ ਕਿ ਭਵਿੱਖ ਵਿਚ ਕੋਈ ਵੀ ਇਸ ਤਰ੍ਹਾਂ ਕਿਸੇ ਦੀਆਂ ਧਾਰਮਿਕ ਭਾਵਨਾ ਨਾਲ ਖਿਲਵਾੜ ਨਾ ਕਰ ਸਕੇ ।