ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਰਵੋਤਮਤਾ ਸਿੱਖ ਹਿਰਦਿਆਂ ਚ ਵਸਾਉਣਾ ਸਮੇਂ ਦੀ ਲੋੜ: ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ

ਲੁਧਿਆਣਾ 26 ਮਾਰਚ ( ਮਨਜਿੰਦਰ ਸਿੰਘ ਗਿੱਲ )—ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਸੋਚਧਾਰਾ ਦੇ ਪ੍ਰਕਾਂਡ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਜੀ (ਨਿਉਯਾਰਕ ਅਮਰੀਕਾ) ਸਾਬਕਾ ਗਰੰਥੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਲਿਖੀ ਖੋਜ ਅਧਾਰਿਤ ਪੁਸਤਕ ਸਰਬੋਤਮਤਾ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਸੰਗਤ ਸਪੁਰਦ ਸਮਾਗਮ ਅੱਜ ਗੁਰਮਤਿ  ਗਿਆਨ ਮਿਸ਼ਨਰੀ ਕਾਲਿਜ ਪੰਜਾਬੀ ਬਾਗ,ਜਵੱਦੀ ਕਲਾਂ(ਲੁਧਿਆਣਾ) ਵਿਖੇ ਕੀਤਾ ਗਿਆ। ਕਾਲਿਜ ਦੇ ਪੰਜ ਨੌਜਵਾਨ ਵਿਦਿਆਰਥੀਆਂ ਨੂੰ ਪੁਸਤਕਾਂ ਸੌਂਪਣ ਦਾ ਕਾਰਜ ਪ੍ਰੋ: ਮਨਜੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ, ਪ੍ਰਿੰਸੀਪਲ ਹਰਭਜਨ ਸਿੰਘ ਸਿੱਖ ਫੁਲਵਾੜੀ ਕਾਲਿਜ,ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ,ਗੁਰਬਚਨ ਸਿੰਘ ਥਾਈਲੈਂਡ ,ਡਾ: ਕੁਲਵੰਤ ਕੌਰ ਸਾਬਕਾ ਪ੍ਰਿੰਸੀਪਲ ਗੁਰਮਤਿ ਕਾਲਿਜ ਪਟਿਆਲਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਸੰਗ ਸਾਥ ਸੌਪੀਆਂ। ਇਨ੍ਹਾਂ ਪੰਜ ਵਿਦਿਆਰਥੀਆਂ ਨੇ ਇਹ ਪੁਸਤਕ ਸੰਗਤਾਂ ਨੂੰ ਪੜ੍ਹਨ, ਵਿਚਾਰਨ ਤੇ ਅੱਗੇ ਤੋਰਨ ਦੀ ਤਾਕੀਦ ਕੀਤੀ। ਪੁਸਤਕ ਬਾਰੇ ਬੋਲਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਰਵੋਤਮਤਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ 232 ਪੰਨਿਆਂ ਦੀ ਪੁਸਤਕ ਹੈ ਜਿਸਨੂੰ ਸਿੰਘ ਬਰਦਰਜ਼ ਅੰਮ੍ਰਿਤਸਰ ਵਰਗੇ ਸਿਰਕੱਢ ਪ੍ਰਕਾਸ਼ਨ ਘਰ ਨੇ ਬਹੁਤ ਖੂਬਸੂਰਤ ਛਾਪਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਦੀ ਉਸ ਗਿਆਨ ਯਾਤਰਾ ਨੂੰ ਅੱਗੇ ਤੋਰਿਆ ਹੈ ਜਿਸ ਦਾ ਆਰੰਭ ਡਾ: ਸਾਹਿਬ ਸਿੰਘ,ਡਾ: ਤਾਰਨ ਸਿੰਘ, ਡਾ:,ਧਰਮਾਨੰਤ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਹਰਿਮੰਦਰ ਸਾਹਿਬ ਤੋਂ ਸਵੇਰ ਸਾਰ ਆਸਾ ਦੀ ਵਾਰ ਦਾ ਸੰਪੂਰਨ ਪਾਠ ਸੁਣਾਉਣ ਲਈ ਸਮਾਂ ਵਧਾਉਣ ਲਈ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਖੰਡਿਤ ਪਾਠ ਸੰਗਤਾਂ ਨੂੰ ਨਾ ਸੁਣਾਇਆ ਜਾਵੇ। ਪ੍ਰੋ: ਮਨਜੀਤ ਸਿੰਘ ਜੀ ਨੇ ਗਿਆਨੀ ਜਗਤਾਰ ਸਿੰਘ ਜਾਚਕ ਦੀ ਸ਼ੁੱਧ ਗੁਰਬਾਣੀ ਪਾਠ ਸੰਥਿਆ ਉਪਰੰਤ ਦੋ ਪੁਸਤਕਾਂ ਲਿਖਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਸਰਵੋਤਮਤਾ ਨੂੰ ਸਿੱਖ ਹਿਰਦਿਆਂ ਚ ਬਿਠਾਉਣਾ ਵੱਧ ਜ਼ਰੂਰੀ ਹੈ ਕਿਉਂਕਿ ਕਰਮਕਾਂਡੀਆਂ ਨੇ ਸਿੱਖ ਮਾਨਸਿਕਤਾ ਨੂੰ ਚਿੰਤਨਸ਼ੀਲ ਬਣਨ ਦੇ ਰਾਹੋਂ ਭਟਕਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਹਨ। ਪ੍ਰਿੰਸੀਪਲ ਹਰਭਜਨ ਸਿੰਘ, ਡਾ: ਕੁਲਵੰਤ ਕੌਰ ਪਟਿਆਲਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨੇ ਵੀ ਜਾਚਕ ਜੀ ਦੀ ਵਿਸ਼ਲੇਸ਼ਣਕਾਰੀ ਸੰਤੁਲਤ ਸੋਚ ਦੀ ਸ਼ਲਾਘਾ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਸਮਾਗਮ ਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਸ: ਪ੍ਰਭਸ਼ਰਨ ਸਿੰਘ, ਗਿਆਨੀ ਜਗਤਾਰ ਸਿੰਘ ਅਕਾਲੀ, ਮਨਦੀਪ ਸਿੰਘ ਗਿੱਲ,ਬਜ਼ੁਰਗ ਪਰਚਾਰਕ ਗਿਆਨੀ ਇਕਬਾਲ ਸਿੰਘ ਮੀਰਾਂਕੋਟ,ਪ੍ਰਿੰ: ਮਨਜਿੰਦਰ ਕੌਰ,ਸ: ਚਰਨਜੀਤ ਸਿੰਘ ਯੂ ਐੱਸ ਏ, ਪਰਮਜੀਤ ਸਿੰਘ, ਉਦੈ ਸਿੰਘ, ਬਲਬੀਰ ਸਿੰਘ ਸਿੱਧੂ, ਹਰਬੰਸ ਸਿੰਘ ਮਾਲਵਾ ਤੋਂ ਇਲਾਵਾ ਸੈਂਕੜੇ ਵਿਦਿਆਰਥੀ ਹਾਜ਼ਰ ਸਨ।