ਮੇਜਰ ਸਿੰਘ 'ਤੇ ਪੁਲਿਸ ਵੱਲੋਂ ਕੀਤੀ ਤਸ਼ੱਦਦ ਦੇ ਰਸੋਂ ਵਜੋਂ ਜਗਰਾਉਂ ਦੇ ਪੱਤਰਕਾਰ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਮੁੱਖ ਮੰਤਰੀ ਨੂੰ ਤਹਿਸੀਲਦਾਰ ਰਾਹੀਂ ਭੇਜਿਆ ਮੰਗ ਪੱਤਰ

ਪੁਲਿਸ ਦੀਆਂ ਵਧੀਕੀਆਂ ਵਰਦਾਸਤ ਨਹੀਂ -ਪ੍ਰੈਸ ਕਲੱਬ ਜਗਰਾਓਂ

ਜਗਰਾਂਉ / ਲੁਧਿਆਣਾ, ਮਈ 2020( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਮੋਹਾਲੀ ਤੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ 'ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੇ ਰੋਸ ਵਜੋਂ ਅੱਜ ਜਗਰਾਉਂ ਵਿਖੇ ਪੰਜਾਬ ਯੂਨੀਅਨ ਆਫ਼ ਜਰਲਿਸਟਸ (ਰਜਿ:) ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਸਮੁੱਚੇ ਪੱਤਰਕਾਰ ਭਾਈਚਾਰੇ ਗਰੇਵਾਲ ਪੈਟਰੋਲ ਪੰਪ ਤੋਂ ਐਸ. ਡੀ. ਐਮ. ਤੱਕ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਮੁੱਖ ਮੰਤਰੀ ਨੂੰ ਤਹਿਸੀਲਦਾਰ ਮਨਮੋਹਨ ਕੌਸ਼ਿਕ ਰਾਹੀਂ ਮੰਗ ਪੱਤਰ ਭੇਜਿਆ। ਇਸ ਮੌਕੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ 'ਪੱਤਰਕਾਰ ਏਕਤਾ ਜਿੰਦਾਬਾਦ', ਮੇਜਰ ਸਿੰਘ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ' ਅਤੇ 'ਪੱਤਰਕਾਰਾਂ 'ਤੇ ਹਮਲੇ ਬੰਦ ਕਰੋ' ਦੇ ਨਾਅਰੇ ਲਗਾਏ। ਇਸ ਮੌਕੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੱਥੇਬੰਦੀ ਦੇ ਪ੍ਰਧਾਨ ਵਿਸਾਖਾ ਸਿੰਘ ਤੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ 'ਚ ਸ਼ਿਰਕਤ ਕਰਕੇ ਪੱਤਰਕਾਰਾਂ ਦਾ ਸਾਥ ਦਿੱਤਾ। ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਹੇਰਾਂ ਨੇ ਦੱਸਿਆ ਕਿ ਸੀਨੀਅਰ ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਜਦੋਂ ਉਹ ਇਕ ਝਗੜੇ ਸਬੰਧੀ ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਕਵਰੇਜ਼ ਕਰ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਅਗਵਾ ਕਰਕੇ ਥਾਣੇ ਲਿਜਾ ਕੇ ਬੁਰੀ ਤਰ੍ਹਾਂ ਅਣਮਨੁੱਖੀ ਤਸ਼ੱਦਦ ਕੀਤਾ, ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ। ਇਸ ਤਰ੍ਹਾਂ ਪੁਲਿਸ ਨੇ ਸਿਰਫ਼ ਪ੍ਰੈਸ ਦੀ ਆਜ਼ਾਦੀ ਦਾ ਕਤਲ ਨਹੀਂ ਕੀਤਾ, ਸਗੋਂ ਸਿੱਖੀ ਕਕਾਰਾਂ ਦੀ ਬੇਅਦਬੀ ਵੀ ਕੀਤੀ ਪ੍ਰੰਤੂ ਪੁਲਿਸ ਨੇ ਪੱਤਰਕਾਰਾਂ ਜੱਥੇਬੰਦੀਆਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਨਹੀਂ ਕੀਤਾ, ਸਿਰਫ਼ ਸਸਪੈਂਡ ਕਰਕੇ ਖਾਨਾਪੂਰਤੀ ਕੀਤੀ ਹੈ। ਸ. ਹੇਰਾਂ ਨੇ ਕਿਹਾ ਕਿ ਪੱਤਰਕਾਰਾਂ 'ਤੇ ਆਏ ਦਿਨ ਹਮਲੇ ਹੋ ਰਹੇ ਹਨ, ਜਿਹੜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰੈਸ ਦੇਸ਼ ਦਾ ਚੌਥਾ ਥੰਮ ਹੈ, ਜਿਹੜੇ ਹਮੇਸ਼ਾਂ ਲੋਕਾਂ ਨੂੰ ਜਾਗਰੂਕ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਜਰ ਸਿੰਘ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਜਲਦ ਮਾਮਲਾ ਦਰਜ ਨਾ ਕੀਤਾ ਤਾਂ ਵੱਡੀ ਪੱਧਰ 'ਤੇ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦਾ ਪੱਤਰਕਾਰ ਸਾਥ ਦੇਣ। ਇਸ ਮੌਕੇ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਹੈ ਪੱਤਰਕਾਰਾਂ ਨੂੰ ਇਕ ਮੰਚ 'ਤੇ ਇਕੱਠਾ ਹੋਣ ਦਾ, ਜੇਕਰ ਪੱਤਰਕਾਰ ਇਕਜੁਟ ਹਨ ਤਾਂ ਉਨ੍ਹਾਂ 'ਤੇ ਕੋਈ ਵੀ ਹਮਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਆਏ ਦਿਨ ਹੋ ਰਹੇ ਹਮਲੇ ਬਹੁਤ ਗੰਭੀਰ ਤੇ ਚਿੰਤਾਜਨਕ ਹਨ। ਇਸ ਮੌਕੇ ਚਰਨਜੀਤ ਸਿੰਘ ਢਿੱਲੋਂ, ਸੰਜੀਵ ਗੁਪਤਾ, ਹਰਵਿੰਦਰ ਸਿੰਘ ਸੱਗੂ, ਸੁਖਦੇਵ ਗਰਗ, ਪਰਮਜੀਤ ਸਿੰਘ ਗਰੇਵਾਲ, ਪ੍ਰਤਾਪ ਸਿੰਘ, ਅਮਨਜੀਤ ਸਿੰਘ ਖੈਹਿਰਾ, ਚਰਨਜੀਤ ਸਿੰਘ ਸਰਨਾ, ਸੰਜੀਵ ਅਰੋੜਾ, ਸੁੱਖ ਜਗਰਾਉਂ, ਸਤਪਾਲ ਸਿੰਘ ਦੇਹੜਕਾ, ਰਾਜ ਬੱਬਰ, ਰੋਕੀ ਚਾਵਲਾ, ਕਮਲ ਬਾਂਸਲ, ਭੁਪਿੰਦਰ ਸਿੰਘ ਮੁਰਲੀ, ਚਰਨਜੀਤ ਸਿੰਘ ਚੰਨ, ਗੋਲਡੀ ਗਾਲਿਬ, ਜਸਵੰਤ ਸਹੋਤਾ, ਡਾ: ਮਨਜੀਤ ਸਿੰਘ ਲੀਲਾਂ, ਰਵੀ ਗਰਗ, ਮੋਕਿਤ ਸ਼ਰਮਾ, ਜਸਵੀਰ ਸਿੰਘ ਹੇਰਾਂ, ਰਾਜ ਗਾਲਿਬ, ਗੁਰਦੇਵ ਗਾਲਿਬ, ਮਨਜਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਚੀਮਾਂ, ਪ੍ਰਧਾਨ ਬੂਟਾ ਸਿੰਘ ਮਲਕ, ਅਜਮੇਰ ਸਿੰਘ ਕਲੇਰ, ਦਿਲਬਹਾਦਰ, ਰਾਮਬਹਾਦਰ, ਮਨਜੀਤ ਕੁਮਾਰ ਤੇ ਰਛਪਾਲ ਸਿੰਘ ਆਦਿ ਹਾਜ਼ਰ ਸਨ।