ਮਹਾਰਾਸ਼ਟਰ 'ਚ ਰਿਕਾਰਡ 3,041 ਨਵੇਂ ਮਾਮਲੇ ਸਾਮਣੇ

ਦੇਸ਼ 'ਚ ਕਰੀਬ 75 ਹਜ਼ਾਰ ਐਕਟਿਵ ਕੇਸ

ਨਵੀਂ ਦਿੱਲੀ ,ਮਈ 2020 -(ਏਜੰਸੀ)- ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਰ ਸਕੂਨ ਦੀ ਗੱਲ ਇਹ ਹੈ ਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਹੁਣ ਤਕ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਐਕਟਿਵ ਮਰੀਜ਼ ਕਰੀਬ 75 ਹਜ਼ਾਰ ਹੀ ਹਨ। ਹੁਣ ਤਕ 55 ਹਜ਼ਾਰ ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਕਰੀਬ ਚਾਰ ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।

ਐਤਵਾਰ ਨੂੰ ਕਰੀਬ ਛੇ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਰਿਕਾਰਡ 6,767 ਨਵੇਂ ਮਾਮਲੇ ਮਿਲੇ ਹਨ ਤੇ 147 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਹੁਣ ਤਕ ਇਕ ਲੱਖ 31 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਅਤੇ 3,867 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲਾ ਤੇ ਹੋਰਨਾਂ ਸਰੋਤਾਂ ਤੋਂ ਮਿਲੇ ਅੰਕੜਿਆਂ ਵਿਚ ਫ਼ਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ ਵਿਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਤਰ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਵਿਚਟ ਇਕ ਦਿਨ ਪਹਿਲਾਂ ਦੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਐਤਵਾਰ ਨੂੰ ਦੇਸ਼ ਭਰ ਵਿਚ 5,787 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 1,34, 627 'ਤੇ ਪੁੱਜ ਗਿਆ ਹੈ। ਇਸ ਮਹਾਮਾਰੀ ਨੇ ਹੁਣ ਤਕ 3,918 ਲੋਕਾਂ ਦੀ ਜਾਨ ਵੀ ਲੈ ਲਈ ਹੈ। ਐਤਵਾਰ ਨੂੰ ਵੀ 136 ਲੋਕਾਂ ਦੀ ਜਾਨ ਗਈ ਜਿਸ ਵਿਚ ਮਹਾਰਾਸ਼ਟਰ ਵਿਚ 58, ਦਿੱਲੀ ਵਿਚ 30, ਗੁਜਰਾਤ ਵਿਚ 29, ਤਾਮਿਲਨਾਡੂ ਵਿਚ ਅੱਠ, ਤੇਲੰਗਾਨਾ ਵਿਚ ਚਾਰ, ਬੰਗਾਲ ਵਿਚ ਤਿੰਨ ਤੇ ਰਾਜਸਥਾਨ, ਬਿਹਾਰ, ਉੱਤਰਾਖੰਡ ਤੇ ਕੇਰਲ ਵਿਚ ਇਕ-ਇਕ ਮੌਤ ਹੋ ਗਈ।