ਮਹਿਲ ਕਲਾਂ/ਬਰਨਾਲਾ,ਮਈ 2020- (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਠੁੱਲੀਵਾਲ ਵਿਖੇ ਮਜਦੂਰਾਂ,ਬੇਜਮੀਨੇ ਕਿਸਾਨਾਂ ਦੇ ਹਰਮਨ ਪਿਆਰੇ ਆਗੂ ਪੀ ਸੁੰਦਰਈਆ ਦੀ ਯਾਦ ਨੂੰ ਸਮਰਪਿਤ ਮਗਨਰੇਗਾ ਮਜਦੂਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਮਜਦੂਰ ਆਗੂ ਚਰਨਜੀਤ ਕੌਰ,ਲਾਭ ਕੌਰ,ਜਰਨੈਲ ਸਿੰਘ ਦੀ ਅਗਵਾਈ ਹੇਠ ਕੀਤੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ,ਮਗਨਰੇਗਾ ਮਜਦੂਰ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਹਰਬੰਸ ਸਿੰਘ ਕੱਟੂ ਅਤੇ ਮਨਰੇਗਾ ਮਜਦੂਰ ਯੂਨੀਅਨ ਦੀ ਜਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਕੌਰ ਠੁੱਲੀਵਾਲ ਨੇ ਕਿਹਾ ਕਿ ਲਾਕਡਾਉਨ/ਕਰਫਿਊ ਕਾਰਨ ਕੰਮਕਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਸਭ ਤੋਂ ਵੱਡੀ ਮਾਰ ਮਜਦੂਰਾਂ 'ਤੇ ਪਈ ਹੈ ਜਿਸਦੇ ਸਿੱਟੇ ਵਜ਼ੋਂ ਲੱਖਾਂ ਮਜਦੂਰ ਸ਼ੜਕਾਂ 'ਤੇ ਆ ਗਏ ਹਨ।ਉਨ੍ਹਾਂ ਕਿਹਾ ਕਿ ਮਜਦੂਰਾਂ ਲਈ ਤਾਂ ਪਹਿਲਾਂ ਵੀ ਦੋ ਡੰਗ ਦੀ ਰੋਟੀ ਪਕਾਉਣੀ ਔਖੀ ਸੀ ਤੇ ਹੁਣ ਤਾਂ ਮਜਦੂਰਾਂ ਦੀ ਹਾਲਤ ਭੁੱਖਮਰੀ ਵਾਲੀ ਬਣ ਗਈ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜਦੂਰਾਂ ਨੂੰ ਸਰਕਾਰੀ ਡੀਪੂ ਰਾਹੀਂ ਸਨਮਾਨਜਨਕ ਰਾਸ਼ਨ ਤੇ ਬੈਂਕਾਂ ਰਾਹੀਂ ਆਰਥਿਕ ਸਹਾਇਤਾ ਫੌਰੀ ਮੁਹੱਈਆ ਕੀਤਾ ਜਾਵੇ। ਝਸਪਾਲ ਕੌਰ,ਮਹਿੰਦਰ ਕੌਰ,ਰਣਜੀਤ ਕੌਰ,ਕਿਰਨਾ ਕੌਰ ਅਤੇ ਹਰਬੰਸ ਕੌਰ ਅਤੇ ਮਨਦੀਪ ਕੌਰ ਨੇ ਕਿਹਾ ਕਿ ਮਜਦੂਰਾਂ ਦੇ ਖਾਤਿਆਂ ਵਿੱਚ ਘੱਟੋ ਘੱਟ 7500-7500 ਰੁਪਏ ਪ੍ਰਤੀ ਮਹੀਨਾ ਰਾਸ਼ੀ ਪਾਈ ਜਾਵੇ।ਇਸ ਮੌਕੇ ਮਜਦੂਰ ਆਗੂਆਂ ਨੇ ਕਿਹਾ ਕਿ ਮਈ ਨੂੰ ਕੌਮੀ ਪੱਧਰ ਦੀਆ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਰੋਸ ਮਾਰਚ ਦੇ ਸੱਦੇ ਨੂੰ ਬਲਾਕ ਮਹਿਲ ਕਲਾਂ 'ਚ ਵੀ ਬੜੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਮਜਦੂਰਾਂ ਨੇ ਕੇਂਦਰ ਸਰਕਾਰ ਵੱਲੋਂ ਮਜਦੂਰਾਂ ਦੀ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਨੀਤੀ ਦਾ ਵੀ ਵਿਰੋਧ ਦਰਜ ਕੀਤਾ ਅਤੇ ਕਿਹਾ ਕਿ ਅੱਠ ਘੰਟੇ ਦਿਹਾੜੀ ਦੀ ਮੰਗ ਮਜਦੂਰਾਂ ਨੇ ਕੁਰਬਾਨੀਆਂ ਦਿੰਦਿਆ ਖੂਨ ਡੋਲ ਕੇ ਪ੍ਰਾਪਤ ਕੀਤੀ ਸੀ ਅਤੇ ਇਸਨੂੰ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋਣ ਦਿੱਤਾ ਜਾਵੇਗਾ।