ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਦੇ ਕਾਤਲ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ

ਪੀੜਤ ਪਰਿਵਾਰ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਦਵੇ ਸਰਕਾਰ-ਜੌਹਲ ,ਸਮਰਾ

ਕਪੂਰਥਲਾ , ਮਈ 2020  (ਕੌੜਾ) ਪਿਛਲੇ ਦਿਨੀਂ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਅਰਵਿੰਦਰ  ਸਿੰਘ ਪੱਡਾ ਦਾ ਇਕ ਪੁਲਿਸ ਅਫਸਰ ਵਲੋਂ ਗੋਲੀ ਮਾਰ ਕੇ ਕੀਤੇ ਕਤਲ ਦੇ ਵਿਰੋਧ 'ਚ ਵਿਦੇਸ਼ੀ ਪੰਜਾਬੀਆਂ ਨੇ ਸਖਤ ਸਟੈਂਡ ਲਿਆ ਹੈ। ਇਸ ਕਤਲ ਦੀ ਜਿੱਥੇ ਯੂਰਪ ਦੀਆਂ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਵਲੋਂ ਸਖ਼ਤ ਨਿੰਦਾ ਕੀਤੀ ਗਈ ਹੈ, ਉੱਥੇ ਹੀ ਪੰਜਾਬ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਆਗੂਆਂ ਵਲੋਂ ਵੀ ਪਹਿਲਵਾਨ ਲਈ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਬਰਤਾਨੀਅਾ ਦੇ ਉਘੇ ਕਬੱਡੀ ਤੇ ਸਭਿਅਾਚਾਰਕ ਪਰਮੋਟਰ ਜਸਕਰਨ ਜੋਹਲ ਤੇ ਰਾਜਵੀਰ ਸਮਰਾ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ 'ਚ ਇਸ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮ ਪੁਲਿਸ ਅਫ਼ਸਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੂੰ  ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਫਸਰ ਵਿਰੁੱਧ ਠੋਸ ਕੇਸ ਦਰਜ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਕੋਈ ਵੀ ਇਸ ਤਰ੍ਹਾਂ ਦਾ ਅਪਰਾਧ ਕਰਨ ਦੀ ਹਿੰਮਤ ਨਾ ਕਰੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਿਵੇਂ ਪਟਿਆਲਾ ਵਿਖੇ ਪੁਲਿਸ ਕਰਮਚਾਰੀ ਹਰਜੀਤ ਸਿੰਘ ਦੇ ਹੱਥ ਫੱਡਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਕੁਝ ਹੀ ਸਮੇਂ ਵਿੱਚ ਫੜ ਕੇ ਪੰਜਾਬ ਦੀ ਵਧੀਆ ਪੁਲਿਸ ਹੋਣ ਦਾ ਪ੍ਰਮਾਣ ਦਿੱਤਾ ।ਉਸੇ ਤਰ੍ਹਾਂ ਹੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਭਲਵਾਨ ਦੇ ਕਾਤਿਲਾਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਲਈ ਕੋਈ ਆਮਦਨ ਦਾ ਜਰੀਆ ਨਾ ਹੋਣ ਕਰਕੇ 10 ਲੱਖ ਦਾ ਮੁਆਵਜਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।