You are here

ਈ-ਸੰਜੀਵਨੀ ਓ. ਪੀ. ਡੀ ਰਾਹੀਂ ਘਰ ਬੈਠੇ ਦਿੱਤਾ ਜਾ ਰਿਹੈ ਸਿਹਤ ਸਹੂਲਤਾਂ ਦਾ ਲਾਭ

ਫੋਟੋ :-ਈ-ਸੰਜੀਵਨੀ ਓ. ਪੀ. ਡੀ ਵਿਚ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਡਾਕਟਰ।

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਲਾਕਡਾੳੂਨ ਦੇ ਮੱਦੇਨਜ਼ਰ ਹੁਣ ਲੋਕਾਂ ਨੂੰ ਘਰ ਬੈਠੇ ਵੀ ਡਾਕਟਰੀ ਸਲਾਹ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਨਿਰਵਿਘਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਵੱਲੋਂ ਈ-ਕੰਸਲਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕੋਵਾ ਐਪ ਵਿਚ ਵੀ ਇਹ ਫੀਚਰ ਉਪਲਬੱਧ ਹੈ ਅਤੇ ਲੋਕ ਆਨਲਾਈਨ ਵੀ ਇਸ ਨਾਲ ਜੁੜ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਡਾਕਟਰਾਂ ਦੀ ਟੀਮ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇਸ ਐਪ ਰਾਹੀਂ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਉਨਾਂ ਲੋਕਾਂ ਨੂੰ ਇਸ ਐਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ ਹੈ। 

ਕੋਵਾ ਐਪ ਪੰਜਾਬ ਉੱਤੇ ਵੀ ਲਿਆ ਜਾ ਸਕਦਾ ਹੈ ਇਸ ਸੇਵਾ ਦਾ ਲਾਭ-ਡਾ. ਸਾਰਿਕਾ ਦੁੱਗਲ :

ਟੈਲੀ ਮੈਡੀਸਨ ਦੇ ਇੰਚਾਰਜ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ ਸੇਵਾ ਪੂਰੇ ਪੰਜਾਬ ਵਿਚ ਚੱਲ ਰਹੀ ਹੈ। ਉਨਾਂ ਦੱਸਿਆ ਕਿ ਇਸ ਸੇਵਾ ਦਾ ਲਾਭ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ’ਤੇ ਵੀ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਮਰੀਜ਼ਾਂ ਨੂੰ ਘਰ ਬੈਠੇ ਈ-ਸੰਜੀਵਨੀ ਓ. ਪੀ. ਡੀ ’ਤੇ ਲਾਗਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਮੰਗੀ ਗਈ ਜਾਣਕਾਰੀ, ਜਿਵੇਂ ਨਾਮ, ਉਮਰ, ਬਿਮਾਰੀ, ਫੋਨ ਨੰਬਰ ਆਦਿ ਜਾਣਕਾਰੀ ਨਾਲ ਸਬੰਧਤ ਇਕ ਫਾਰਮੈਟ ਭਰਨਾ ਹੋਵੇਗਾ। ਫਾਰਮੈਟ ਸਬਮਿਟ ਕਰਨ ਤੋਂ ਬਾਅਦ ਮਰੀਜ਼ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਟੋਕਨ ਜਰਨੇਟ ਹੋਵੇਗਾ। ਨੋਟੀਫਿਕੇਸ਼ਨ ਪ੍ਰਾਪਤ ਹੋਣ ’ਤੇ ਲਾਗਇਨ ਕਰਨ ਤੋਂ ਬਾਅਦ ਨੰਬਰ ਆਉਣ ’ਤੇ ਡਾਕਟਰ ਨਾਲ ਲਾਈਵ ਜੁੜ ਕੇ ਮਰੀਜ਼ ਆਪਣੀ ਸਮੱਸਿਆ ਦੱਸ ਸਕਦਾ ਹੈ। ਉਸ ਤੋਂ ਬਾਅਦ ਮਰੀਜ਼ ਡਾਕਟਰੀ ਸਲਾਹ ਦੀ ਈ-ਪ੍ਰੀਸਿਪਸ਼ਨ ਡਾੳੂਨਲੋਡ ਕਰ ਕੇ ਮਰੀਜ਼ ਬਾਹਰੋਂ ਦਵਾਈ ਲੈ ਸਕਦਾ ਹੈ। ਈ-ਸੰਜੀਵਨੀ ਓ. ਪੀ. ਡੀ ਦੇ ਨੋਡਲ ਅਫ਼ਸਰ ਡਾ. ਗੁਰਦੇਵ ਭੱਟੀ ਨੇ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਮਰੀਜ਼ ਕੋਲ ਕੰਪਿੳੂਟਰ, ਲੈਪਟਾਪ ਨਾਲ ਮਾਈਕ, ਸਪੀਕਰ, ਇਨਬਿਲਟ ਵੈੱਬ ਕੈਮ ਦੀ ਸਹੂਲਤ ਹੋਣੀ ਲੋੜੀਂਦੀ ਹੈ। ਇਸ ਤੋਂ ਇਲਾਵਾ ਸਮਾਰਟ ਫੋਨ ਰਾਹੀਂ ਵੀ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।