ਪੰਜਾਬੀ ਨਾਟ ਕਲਾ ਦਾ ਮਹਾਂਰਥੀ- ਮੋਹੀ ਅਮਰਜੀਤ ਸਿੰਘ ✍️ ਸਰਬਜੀਤ ਸਿੰਘ ਹੇਰਾਂ

ਪੰਜਾਬੀ ਨਾਟ ਕਲਾ ਦਾ ਮਹਾਂਰਥੀ-ਮੋਹੀ ਅਮਰਜੀਤ ਸਿੰਘ

ਅਜਮੇਰ ਔਲਖ ਦੇ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ’,ਬਿਗਾਨੇ ਬੋਹੜ ਦੀ ਛਾਂ,ਝਨਾਂ ਦੇ ਪਾਣੀ,ਅਤੇ ਟੋਨੀ ਬਾਤਿਸ ਦੇ ਨਾਟਕ ਖੇਡਦਾ ਖੇਡਦਾ ਮੋਹੀ ਅਮਰਜੀਤ ਖੁਦ ਹੀ ਇੱਕ ਉੱਚ ਪੱਧਰ ਦਾ ਨਾਟਕ ਡਾਇਰੈਕਟਰ ਬਣ ਗਿਆ।ਵੈਸੇ ਤਾਂ ਅਮਰਜੀਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੌਧਰ ਦਾ ਜੰਮਪਲ ਹੈ।ਕਿਰਤੀ ਪ੍ਰੀਵਾਰ ਨਾਲ ਜੁੜਿਆ ਹੋਣ ਕਰਕੇ ਉਸ ਨੇ ਖੇਤਾਂ ਚ ਜਿਮੀਂਦਾਰਾਂ ਨਾਲ ਸੀਰਪੁਣਾ ਕਰਦੇ ਗਰੀਬ ਲੋਕਾਂ ਨੂੰ ਮਿੱਟੀ ਨਾਲ ਮਿੱਟੀ ਹੁੰਦੇ ਅਤੇ ਫਿਰ ਵੀ ਦਰਕਾਰੇ ਜਾਂਦੇ ਅਤੇ ਕਰਜ਼ੇ ਦੇ ਮੱਕੜ ਜ਼ਾਲ ਚ ਫਸਦੇ ਜਾਂਦਿਆਂ ਨੂੰ ਆਪਣੇ ਅੱਖੀਂ ਦੇਖਿਆ ਹੈ ਇਸੇ ਕਿਰਦਾਰ ਦੇ ਅਧਾਰਿਤ ਹੈ ਉਸ ਦਾ ਨਾਟਕ ‘ਮੋਹੀ’ ਜਿਸ ਨੂੰ ਉਸਨੇ ਅਜਿਹਾ ਨਿੱਠ ਕੇ ਲਿਿਖਆ ਕਿ ਇਹ ਪਾਤਰ ਉਸਦਾ ਸਿਰਨਾਵਾਂ ਬਣ ਗਿਆ।ਉਸਤੋਂ ਬਾਅਦ ਉਸਨੇ ਕਿਸਾਨੀ ਜ਼ਿੰਦਗੀ ਨੂੰ ਰੂਪਮਾਨ ਕਰਦਾ ਨਾਟਕ ‘ਘਰ ਘਰ ਇਹੋ ਅੱਗ’ਲਿਿਖਆ ਅਤੇ ਨਿਰਦੇਸ਼ਿਤ ਕੀਤਾ ਅਤੇ ਪੰਜਾਬੀ ਭਵਨ ਲੁਧਿਆਣਾ ਦੀ ਸਟੇਜ਼ ਤੇ ਖੇਡਿਆ।ਫਿਰ ਭਰੂਣ ਹੱਤਿਆ ਉਤੇ ਨਾਟਕ ‘ਮਾਂ ਮੈਂ ਜਿਉਣਾ ਚਾਹੁੰਦੀ ਹਾਂ’ ਅਤੇ ਅੰਤਰ ਜ਼ਾਤੀ ਵਿਆਹ ਦੇ ਅਧਾਰਿਤ ‘ਨਜ਼ੀਰਾ ਬੇਗਮ’ਯੂਨੀਵਰਸਿਟੀਆਂ ਦੀਆਂ ਸਟੇਜ਼ਾਂ ਤੇ ਖੇਡਿਆ ਗਿਆ।

ਪ੍ਰਸਿੱਧ ਲੇਖਕ ਐਸ.ਐਲ ਵਿਰਦੀ ਦੀ ਕਿਤਾਬ ‘ਮਨੁੱਖਤਾ ਦੇ ਮਸ਼ੀਹਾ ਡਾ.ਅੰਬੇਡਕਰ ਦੇ ਅਧਾਰਿਤ ਬਾਬਾ ਸਾਹਿਬ ਦੀ ਜੀਵਨੀ ਨੂੰ ਪ੍ਰਦਰਸ਼ਿਤ ਕਰਦਾ ਨਾਟਕ ‘ਦ ਗਰੇਟ ਅੰਬੇਡਕਰ’ ਲਿਿਖਆ ਅਤੇ ਨਿਰਦੇਸ਼ਿਤ ਕੀਤਾ,ਇਸ ਨੂੰ ਪੰਜਾਬੀ ਭਵਨ ਲੁਧਿਆਣਾ, ਹਰਿਆਣਾ,ਬੜੌਦਾ ਅਤੇ ਗੁਜ਼ਰਾਤ ਦੀਆਂ ਸਟੇਜ਼ਾਂ ਤੇ ਖੇਡਿਆ ਗਿਆ।ਉਸਦਾ ਨਵੀਨਤਮ ਨਾਟਕ ਕੇ.ਸਾਧੂ ਸਿੰਘ ਦੀ ਕਿਤਾਬ ‘ਦੀਵੇ ਚੋਂ ਉਗਦੇ ਸੂਰਜ’ ਦੇ ਅਧਾਰਿਤ ਲਿਿਖਆ ਅਤੇ ਡਾਇਰੈਕਟ ਕੀਤਾ ‘ਮਿੱਟੀ ਦਾ ਪੁਤਲਾ’ ਪ੍ਰਵਾਜ਼ ਰੰਗ ਮੰਚ ਫਗਵਾੜਾ ਦੇ ਡਾਇਰੈਕਟਰ ਬਲਵਿੰਦਰ ਪ੍ਰੀਤ ਦੀ ਟੀਮ ਵਲੋਂ ਹਾਲ ਹੀ ਵਿੱਚ ਜਗਰਾਉਂ ਦੇ ਅੰਬੇਡਕਰ ਭਵਨ ਵਿੱਚ ਨਾਟ ਕਲਾ ਕੇਂਦਰ ਜਗਰਾਉਂ ਦੀ ਸਰਪ੍ਰਸਤੀ ਹੇਠ ਲਗਾਤਾਰ ਦੋ ਦਿਨ ਖੇਡਿਆ ਗਿਆ ਜਿਸ ਨੂੰ ਆਲੇ ਦੇ ਸੂਝਵਾਨ ਲੋਕਾਂ ਅਤੇ ਸਕੂਲੀ ਬੱਚਿਆਂ ਨੇ ਬੜੀ ਨੀਝ ਲਾ ਕਿ ਤੱਕਿਆ।ਅੱਜ ਕੱਲ੍ਹ ਇਸ ਨਾਟਕ ਦੇ ਸ਼ੋਅ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਚੱਲ ਰਹੇ ਹਨ।

ਉਸਦੇ ਨਾਟਕ ਬੰਗਾਲੀ,ਤਾਮਿਲ,ਤੇਲਗੂ ਅਤੇ ਮਰਾਠੀ ਭਾਸ਼ਾ ਦੇ ਨਾਟਕਾਂ ਦੇ ਮੁਕਾਬਲੇ ਦੇ ਹਨ।ਇਸ ਦੇ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਲੇਖਕ ਅਤੇ ਆਲੋਚਕ ਡਾ:ਜੁਗਿੰਦਰ ਸਿੰਘ ਨਿਰਾਲਾ ਨੇ ਮੋਹੀ ਨੂੰ ਪੰਜਾਬੀ ਰੰਗ ਮੰਚ ਦੀ ਨਵੀਂ ਸਵੇਰ ਕਿਹਾ ਹੈ।ਉਸ ਦੇ ਨਾਟਕਾਂ ਦਾ ਮਿਊਜ਼ਿਕ ਉਚ ਪਾਏ ਦਾ ਹੁੰਦਾ ਹੈ ਅਤੇ ਉਹ ਸਟੇਜ਼ ਸੈਟਿੰਗ ਨਾਲ ਸਮਝੌਤਾ ਨਹੀਂ ਕਰਦਾ। ਉਹ ਬਲਵੰਤ ਗਾਰਗੀ ਦਾ ਨਾਟਕ ਲੋਹਾ ਕੁੱਟ,ਚਰਨਦਾਸ ਸਿੱਧੂ ਦਾ ਭਗਤ ਸਿੰਘ ਅਤੇ ਸੁਰਜੀਤ ਸਿੰਘ ਸੇਠੀ ਤੇ ਸਵਰਾਜ਼ਬੀਰ ਸਿੰਘ ਦੇ ਨਾਟਕਾਂ ਤੋਂ ਪ੍ਰਭਾਵਿਤ ਹੈ।ਮਸਹੂਰ ਕਵੀ ਸਾਧੂ ਸਿੰਘ ਦਿਲਸ਼ਾਦ ਨੇ ਉਸਨੂੰ ਪੰਜਾਬੀ ਨਾਟ ਕਲਾ ਦਾ ਮਹਾਂਰਥੀ ਕਿਹਾ ਹੈ।ਮੋਹੀ ਦਾ ਕਹਿਣਾ ਹੈ ਜੋ ਕਦਮ ਉਸਨੇ ਨਾਟਕ ਦੀ ਦਿਸ਼ਾ ਚ ਚੱੁਕਿਆ ਹੈ ਉਹ ਪਿੱਛੇ ਨਹੀਂ ਹਟੇਗਾ ਅਤੇ ਮਾਂ ਬੋਲੀ ਦੀ ਸੇਵਾ ਉਸਦਾ ਪਹਿਲਾ ਅਤੇ ਆਖਰੀ ਧਰਮ ਹੈ।ਲੋੜ ਹੈ ਸਰਕਾਰਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਅਜਿਹੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਅੱਗੇ ਆਉਣ ਦੀ।