ਅੱਜ ਕਰੋਨਾ ਵਾਇਰਸ ਨੇ ਜਦੋਂ ਪੂਰੀ ਦੁਨੀਆ ਨੂੰ ਵੱਡੀ ਮੁਸੀਬਤ ਵਿੱਚ ਪਾਇਆ ਹੋਇਆ ਹੈ। ਉਥੇ ਹੀ ਭਾਰਤ ਵਿੱਚ ਇਸ ਵਾਇਰਸ ਦੀ ਮਾਰ ਸਭ ਤੋਂ ਵਧੇਰੇ ਗਰੀਬ ਅਤੇ ਪ੍ਰਵਾਸੀ ਮਜ਼ਦੂਰ ਉੱਤੇ ਪਈ ਹੈ। ਪ੍ਰਵਾਸੀ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਹੀ ਤੈਅ ਕਰਨ ਲਈ ਮਜਬੂਰ ਹਨ।ਜਿਸ ਕਾਰਨ ਉਹ ਸਰੀਰਕ ਅਤੇ ਮਾਨਸਿਕ ਤਸ਼ੱਦਦ ਝੱਲ ਰਹੇ ਹਨ। ਸਾਡੇ ਪ੍ਰਧਾਨ ਮੰਤਰੀ ਜੀ ਨੇ ਬੀਤੇ-ਦਿਨੀਂ 20 ਲੱਖ ਕਰੋੜ ਰੁਪਏ ਦੇ ਵੱਡੇ 'ਆਤਮ ਨਿਰਭਰ ਪੈਕੇਜ' ਦਾ ਐਲਾਨ ਕੀਤਾ ਸੀ। ਜਿਸ ਕਾਰਨ ਦੇਸ਼ ਦੇ ਹਰ ਗਰੀਬ, ਕਿਸਾਨ, ਮਜ਼ਦੂਰ ਅਤੇ ਮਿਡਲਕਲਾਸ ਨੂੰ ਕੁਝ ਮਦਦ ਮਿਲਣ ਦੀ ਉਮੀਦ ਜਾਗੀ ਸੀ। ਪਰੰਤੂ ਹੁਣ ਸਬ ਕੁਝ ਦੇਖਣ ਅਤੇ ਸੁਣਨ ਤੋਂ ਬਾਅਦ ਇੰਨਾ ਸਾਰੇ ਵਰਗਾਂ ਦੇ ਚਿਹਰੇ ਉੱਤੇ ਨਾਮੋਸ਼ੀ ਛਾ ਗਈ ਹੈ।ਜਿਥੇ ਇਸ ਔਖੀ ਘੜੀ ਵਿੱਚ ਇਹਨਾਂ ਵਰਗਾਂ ਤੱਕ ਸਿੱਧੇ ਤੌਰ ਤੇ ਮਾਲੀ ਸਹਾਇਤਾ ਪਹੁੰਚਣੀ ਚਾਹੀਦੀ ਸੀ।ਜਦ ਕਿ ਇਹ ਥਾਂ-ਥਾਂ ਧੱਕੇ ਖਾਣ ਲਈ ਮਜਬੂਰ ਹਨ। ਪਰੰਤੂ ਸਾਡੇ ਮਹਾਨ ਭਾਰਤ ਦੀ ਸਰਕਾਰ ਦਾ ਦਾਅਵਾ ਹੈ ਕਿ ਅਜੇ ਇਸ ਪੈਕੇਜ ਦਾ ਸਿੱਧੇ ਤੌਰ ਤੇ ਕਿਸੇ ਨੂੰ ਕੋਈ ਲਾਭ ਨਹੀਂ ਮਿਲੇਗਾ ਬਲਕਿ ਇਹ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਦਿਖਾਏਗਾ।ਚਲੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਪੈਕੇਜ ਕੀ ਚੰਗੇ ਨਤੀਜੇ ਦਿਖਾ ਸਕਦਾ ਹੈ।ਫਿਲਹਾਲ ਤਾਂ ਇਹ ਕਾਗਜਾਂ ਵਿੱਚ ਹੀ ਚੰਗੇ ਨਤੀਜੇ ਦਿਖਾਏਗਾ।20 ਲੱਖ ਕਰੋੜ ਦੀ ਗੱਲ ਚੰਗੀਆਂ ਟੀ:ਵੀ ਡਿਬੇਟਾਂ ਤਾਂ ਕਰਾ ਸਕਦੀ ਹੈ।ਪਰੰਤੂ ਉਸ ਗਰੀਬ ਮਾਂ ਦਾ ਦਰਦ ਨਹੀਂ ਵੰਡਾ ਸਕਦੀ ਜੋ ਆਪਣੇ 2 ਸਾਲਾਂ ਦੇ ਬੱਚੇ ਨੂੰ ਸੂਟਕੇਸ ਉੱਤੇ ਲੰਮਾ ਪਾ ਕੇ ਉਸਨੂੰ ਖਿੱਚ ਕੇ ਲਿਜਾਣ ਲਈ ਮਜ਼ਬੂਰ ਹੈ।ਇਸ ਮਾੜੀ ਘੜੀ ਵਿੱਚ ਇਹਨਾਂ ਮਜ਼ਦੂਰਾਂ ਨੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਸਾਡੇ ਸਿਸਟਮ ਅਤੇ ਸਾਡੀਆਂ ਸਰਕਾਰਾਂ ਦੇ ਮੂੰਹ ਤੇ ਰੱਜਕੇ ਚਪੇੜਾਂ ਮਾਰੀਆਂ ਹਨ ਜੋ ਆਏ ਦਿਨ ਦੂਜੇ ਮੁਲਕਾਂ ਨਾਲ ਜੰਗਾਂ ਲੜਨ ਦੀਆਂ ਗੱਲਾਂ ਕਰਦੇ ਹਨ। 50 ਜਾਂ ਜ਼ਿਆਦਾ ਤੋਂ ਜ਼ਿਆਦਾ 100 ਕਰੋੜ ਦਾ ਕੰਮ ਹੈ ਪੂਰੇ ਦੇਸ਼ ਦੇ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਸਹੀ ਸਲਾਮਤ ਪਹੁੰਚਾਉਣ ਦਾ।ਜਦੋਂ ਅਸੀ ਇਨਾਂ ਹੀ ਨਹੀ ਕਰ ਪਾਏ ਤਾਂ ਲੱਖਾਂ ਕਰੋੜ ਦੇ ਪੈਕੇਜਾਂ ਦਾ ਕੌਣ ਯਕੀਨ ਕਰੇਗਾ। ਕੀ ਅਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਹਾਂ।ਉਹਨਾਂ ਤੋਂ ਵੱਧ ਆਤਮ ਨਿਰਭਰ ਕੋਣ ਹੋਵੇਗਾ ਜਿੰਨਾ ਨੂੰ ਪਤਾ ਹੈ ਕਿ ਸਾਡੀ ਸਹਾਇਤਾ ਲਈ ਕੋਈ ਨਹੀਂ ਆਵੇਗਾ ਅਸੀਂ ਖੁਦ ਹੀ ਲੰਮਾ ਪੈਂਡਾ ਤੈਅ ਕਰਕੇ ਆਪਣੇ ਪਿੰਡ ਜਾਣਾ ਨੂੰ ਹੈ। ਗਰੀਬ ਮਜ਼ਦੂਰਾਂ ਨੇ ਤਾਂ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਸਾਬ੍ਹ ਇਹ ਸਭ ਵੱਡੇ ਲੋਕਾਂ ਲਈ ਹੈ,ਸਾਨੂੰ ਕੁਝ ਨਹੀਂ ਮਿਲਣਾ। ਸਾਡੀ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜਿੰਦਗੀ ਵਿੱਚ ਧੱਕੇ ਹੀ ਹਨ,ਜੋ ਅਸੀਂ ਖਾ ਰਹੇ ਹਾਂ।ਹੁਣ ਤਾਂ ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਕਿਤੇ ਹਰ ਰੋਜ਼ ਹੇਠਾਂ ਵੱਲ ਖਿਸਕ ਰਹੀ ਜੀ.ਡੀ.ਪੀ ਦੇ ਸਵਾਲਾਂ ਤੋਂ ਬਚਣ ਲਈ ਤਾਂ ਇਸ ਪੈਕੇਜ ਦੇ ਨਾਂ ਦਾ ਸਹਾਰਾ ਤਾਂ ਨਹੀਂ ਲਿਆ ਗਿਆ। ਆਮ ਲੋਕ ਕਹਿ ਰਹੇ ਹਨ ਕਿ ਵੱਡੇ ਵੱਡੇ ਨੇਤਾ ਅਤੇ ਬਿਜਨਸਮੈਨ ਪਹਿਲਾਂ ਵਾਂਗ ਰੱਲ ਮਿਲ ਕੇ ਕਰੋੜਾਂ ਰੁਪਏ ਦਾ ਗਬਨ ਕਰ ਦੇਣਗੇ।ਅਤੇ ਕਿਸੇ ਵੀ ਗਰੀਬ ਅਤੇ ਲੋੜਵੰਦ ਨੂੰ ਕੱਖ ਨਹੀਂ ਮਿਲਣਾ ਸਿਵਾਏ ਧੱਕਿਆ ਤੋਂ।ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ 7 ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ।ਸਰਕਾਰਾਂ ਨੇ ਕਈ ਪੈਕੇਜ ਐਲਾਨੇ ਪਰੰਤੂ ਆਮ ਵਰਗ ਨੂੰ ਕੋਈ ਫਾਇਦਾ ਨਹੀਂ ਹੋਇਆ, ਵੱਡੇ-ਵੱਡੇ ਲੀਡਰ ਜਿੰਨਾ ਪਾਸ ਮਾਮੂਲੀ ਜਿਹੀ ਪ੍ਰਾਪਰਟੀ ਸੀ।ਅੱਜ ਉਹ ਕਰੋੜਾਂ-ਅਰਬਾਂ ਦੇ ਮਾਲਕ ਕਿਵੇਂ ਬਣਗੇ। ਦੇਸ਼ ਦਾ ਕਿਸਾਨ, ਮਜ਼ਦੂਰ ਹਰ ਰੋਜ਼ ਗਰੀਬ ਹੀ ਹੁੰਦਾ ਗਿਆ। ਲੀਡਰ ਆਏ ਦਿਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਉਹਨਾਂ ਨੂੰ ਵੱਡੇ ਪੈਕੇਜਾਂ ਦੇ ਲਾਲਚ ਦੇ ਕਰ ਬੇਵਕੂਫ ਬਣਾ ਰਹੇ ਹਨ।ਮੈਂ ਸਾਡੀਆਂ ਸਰਕਾਰਾਂ ਅਤੇ ਨੇਤਾਵਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਇੰਨਾ ਗਰੀਬ ਲੋਕਾਂ ਦੀ ਜੋ ਭੁੱਖੇ-ਭਾਣੇ ਤਿੱਖੀ ਧੁੱਪ ਵਿਚ ਸੜਕਾਂ ਉੱਪਰ ਭਟਕ ਰਹੇ ਹਨ ਇੰਨਾ ਦੀ ਮਦਦ ਕਰੋ।ਇਹਨਾਂ ਨੂੰ ਘਰ ਪਹੁੰਚਾੳ ਨਹੀਂ ਤਾਂ ਵੋਟਾਂ ਵੇਲੇ ਇਹ ਤਾਂ ਤੁਹਾਨੂੰ ਹੋ ਸਕਦਾ ਮੁਆਫੀ ਦੇ ਦੇਣ ਪਰੰਤੂ ਰੱਬ ਮੁਆਫ ਨਹੀਂ ਕਰੇਗਾ।
ਲੇਖਕ:- ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ ਪੰਜਾਬ।
ਮੋ:ਨੰ:-7901729507
FB/ Ranjeet Singh Hitlar