ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਤੁਰੰਤ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੇਣ ਲਈ ਆਖਿਆ

ਭਾਰਤ ਭੂਸ਼ਨ ਆਸ਼ੂ ਨੂੰ ਬਰਖਾਸਤ ਕਰਨ ਦੀ  ਵੀ ਮੰਗ ਕੀਤੀ
ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਵਾਰੀ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਰਾਸ਼ਨ ਦੀ ਵੰਡ ਦਾ ਸਿਆਸੀਕਰਨ ਕਰਨ ਦੀ ਨਿਖੇਧੀ ਕੀਤੀ

ਲੁਧਿਆਣਾ,ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ਹਿਰ ਦੇ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਉਹਨਾਂ ਦੀਆਂ ਬਾਕੀ ਸਾਰੀਆਂ ਸ਼ਿਕਾਇਤਾ ਦੂਰ ਕਰਨ ਤਾਂ ਕਿ ਉਹ ਬਾਹਰ ਗਲੀਆਂ ਵਿਚ ਨਿਕਲ ਕੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ। ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਕੇਂਦਰੀ ਰਾਹਤ ਲੋਕਾਂ ਵਿਚ ਵੰਡਣ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਲਈ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਪਾਰਟੀ ਆਗੂਆਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਤਕਰੀਬਨ ਡੇਢ ਮਹੀਨੇ ਪਹਿਲਾਂ ਭੇਜੀ ਜਾ ਚੁੱਕੀ ਕੇਂਦਰੀ ਰਾਹਤ ਦੇ ਬਾਵਜੂਦ ਪੰਜਾਬ ਸਰਕਾਰ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ  ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਇਸ ਲਾਪਰਵਾਹੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਕਿਉਂਕਿ ਉਸ ਨੇ ਡਿਪੂ ਹੋਲਡਰਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ, ਜਿਹੜੇ ਕਿ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇਹ ਰਾਸ਼ਨ ਲੋਕਾਂ ਵਿਚ ਵੰਡਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਵਿਚ ਪੰਜਾਬ ਨੇ ਕੇਂਦਰੀ ਰਾਹਤ ਦਾ ਸਿਰਫ ਇੱਕ ਫੀਸਦੀ ਹਿੱਸਾ ਹੀ ਲੋਕਾਂ ਵਿਚ ਵੰਡਿਆ ਹੈ। ਉਹਨਾਂ ਕਿਹਾ ਕਿ ਹੁਣ ਵੀ ਭਾਰਤ ਭੂਸ਼ਨ ਆਸ਼ੂ ਡਿਪੂ ਹੋਲਡਰਾਂ ਦੇ ਕੁੱਝ ਧੜਿਆਂ ਨੂੰ ਹੀ ਮਿਲਿਆ ਹੈ ਅਤੇ ਉਹ ਕੇਂਦਰ ਵੱਲੋਂ ਲੋਕਾਂ ਲਈ ਭੇਜੇ ਰਾਸ਼ਨ ਕਣਕ ਅਤੇ ਦਾਲ ਨੂੰ ਲੋੜਵੰਦਾਂ ਵਿਚ ਵੰਡਣ ਲਈ ਬਹੁ ਗਿਣਤੀ ਡਿਪੂ ਹੋਲਡਰਾਂ ਨੂੰ ਤਿਆਰ ਨਹੀਂ ਕਰ ਪਾਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਸਥਿਤੀ ਹੁਣ ਹੱਥਾਂ ਵਿਚੋਂ ਬਾਹਰ ਜਾ ਚੁੱਕੀ ਹੈ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਦੇ ਕੰਟਰੋਲ ਵਿਚ ਨਹੀਂ ਰਹੀ ਹੈ, ਦੋਵੇਂ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਇਹ ਮਹਿਕਮਾ ਆਪਣੇ ਕੰਟਰੋਲ ਹੇਠ ਲੈ ਲੈਣਾ ਚਾਹੀਦਾ ਹੈ। ਪਰਵਾਸੀ ਮਜ਼ਦੂਰਾਂ ਨੂੰ ਦੁਬਾਰਾ ਸੜਕਾਂ ਉੱਤੇ ਆਉਣ ਤੋਂ ਰੋਕਣ ਲਈ ਤਿੰਨ ਦਿਨਾਂ ਦੇ ਅੰਦਰ ਸਾਰਿਆਂ ਤਕ ਰਾਸ਼ਨ ਪਹੁੰਚਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰਨ ਲਈ ਸਰਕਾਰ ਨੂੰ ਇੱਕ ਕਮੇਟੀ ਵੀ ਬਣਾਉਣੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਸਾਰੇ ਪਰਵਾਸੀ ਮਜ਼ਦੂਰਾਂ ਦੀ ਕੋਵਿਡ-19 ਲਈ ਸਕਰੀਨਿੰਗ ਕਰੇ, ਕਿਉਂਕਿ ਉਹਨਾਂ ਵਿਚੋਂ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਸੜਕਾਂ ਉੱਤੇ ਪ੍ਰਦਰਸ਼ਨ ਕਰਨ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਖਤਰੇ ਵਿਚ ਪਾਈ ਹੈ।  ਉਹਨਾਂ ਕਿਹਾ ਕਿ ਇਹਨਾਂ ਪ੍ਰਦਰਸ਼ਨਾਂ ਕਰਕੇ ਸਰਕਾਰ ਨੂੰ ਕੋਵਿਡ-19 ਦੇ ਕੇਸਾਂ ਵਿਚ ਵੱਡੇ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਸ਼ਹਿਰ ਵਿਚ ਇਸ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।
ਸਰਦਾਰ ਗਰੇਵਾਲ ਅਤੇ ਸਰਦਾਰ ਢਿੱਲੋਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਸ਼ਹਿਰ ਅੰਦਰ ਸਨਅਤਾਂ ਦੁਬਾਰਾ ਸ਼ੁਰੂ ਕਰਨ ਅਤੇ ਆ ਰਹੇ ਝੋਨੇ ਦੀ ਸੀਜ਼ਨ ਲਈ ਮਜ਼ਦੂਰਾਂ ਉਪਲੱਬਧਤਾ ਯਕੀਨੀ ਬਣਾਉਣ ਲਈ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਛੱਡ ਕੇ ਜਾਣ ਤੋਂ ਰੋਕਣ ਲਈ ਜਰੂਰੀ ਕਦਮ ਚੁੱਕਣ। ਉਹਨਾਂ ਮੁੱਖ ਮੰਤਰੀ ਨਂੂੰ ਇਹ ਵੀ ਕਿਹਾ ਕਿ ਉਹ ਅਧਿਕਾਰੀਆਂ ਨੂੰ ਬਿਨਾਂ ਕਾਂਗਰਸੀਆਂ ਦੇ ਪ੍ਰਭਾਵ ਹੇਠ ਆਏ ਲੋੜਵੰਦਾਂ ਨੂੰ ਵਾਰੀ ਅਨੁਸਾਰ ਰਾਸ਼ਨ ਵੰਡਣ ਦਾ ਨਿਰਦੇਸ਼ ਦੇਣ। ਉਹਨਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਮਰਜ਼ੀ ਮੁਤਾਬਿਕ ਰਾਸ਼ਨ ਦੀ ਵੰਡ ਕਰਵਾਉਣ ਸਦਕਾ ਅਸਲੀ ਲਾਭਪਾਤਰੀਆਂ ਤਕ ਇਹ ਰਾਸ਼ਨ ਨਹੀਂ ਪਹੁੰਚ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਕਾਂਗਰਸੀ ਵੱਲੋਂ ਇਹ ਰਾਸ਼ਨ ਆਪਣੇ ਸਮਰਥਕਾਂ ਵਿਚ ਵੰਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ ਅਤੇ ਇਸ ਵਿਤਕਰੇ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਹੈ।