ਕੌਮਾਂਤਰੀ ਨਰਸ ਦਿਵਸ – 12 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਨਰਸ ਦਿਵਸ – 12 ਮਈ

ਸਿਹਤ ਸੇਵਾਵਾਂ ਵਿੱਚ ਰੋਗੀਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਨਰਸਾਂ ਦੇ ਹਿੱਸੇ ਆਉਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਰੋਗੀਆਂ ਨੂੰ ਸਮਰਪਣ ਦੀ ਭਾਵਨਾ ਨਾਲ ਸੰਭਾਲਣਾ ਨਰਸਾਂ ਦੇ ਵਿਅਕਤੀਤਵ ਨੂੰ ਉੱਚਤਾ ਪ੍ਰਦਾਨ ਕਰਦਾ ਹੈ। ਨਰਸਿੰਗ ਨੂੰ ਸੰਸਾਰ ਦੇ ਸਭ ਤੋਂ ਵੱਡੇ ਸਿਹਤ ਪੇਸ਼ੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਰਸਿੰਗ ਸਟਾਫ਼ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਉਹਨਾਂ ਦੇ ਸਤਿਕਾਰ ਲਈ ਹਰ ਸਾਲ 12 ਮਈ ਨੂੰ ਆਧੁਨਿਕ ਨਰਸਿੰਗ ਦੀ ਬਾਨੀ ਫਲੋਰੇਂਸ ਨਾਈਟਿੰਗੇਲ (12 ਮਈ 1820 ਤੋਂ 13 ਅਗਸਤ 1910) ਜੋ ਕਿ ‘ਲੇਡੀ ਵਿਦ ਲੈਂਪ’ ਦੇ ਨਾਂ ਨਾਲ ਪ੍ਰਸਿੱਧ ਹੋਈ, ਦੇ ਜਨਮਦਿਨ ਨੂੰ ਕੌਮਾਂਤਰੀ ਨਰਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝਰੋਖੇ ਵਿੱਚ ਨਰਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ ਪਹਿਲੀ ਵਾਰ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਕਲਿਆਣ ਵਿਭਾਗ ਦੀ ਅਧਿਕਾਰੀ ਡੋਰੋਥੀ ਸਦਰਲੈਂਡ ਨੇ ਪ੍ਰਸਤਾਵਿਤ ਕੀਤਾ ਸੀ, ਅਮਰੀਕੀ ਰਾਸ਼ਟਰਪਤੀ ਡੀ.ਡੀ. ਆਈਜਨਹਵਰ ਨੇ ਇਸਨੂੰ ਮਨਾਉਣ ਦੀ ਮਾਨਤਾ ਪ੍ਰਦਾਨ ਕੀਤੀ ਅਤੇ ਪਹਿਲੀ ਵਾਰ 1953 ਵਿੱਚ ਮਨਾਇਆ ਗਿਆ। ਅੰਤਰਰਾਸ਼ਟਰੀ ਨਰਸ ਪਰੀਸ਼ਦ ਨੇ ਪਹਿਲੀ ਵਾਰ 1965 ਵਿੱਚ ਨਰਸ ਦਿਵਸ ਮਨਾਇਆ। ਨਰਸਿੰਗ ਪੇਸ਼ੇ ਦੀ ਸ਼ੁਰੂਆਤ ਕਰਨ ਵਾਲੀ ਫਲੋਰੇਂਸ਼ ਨਾਈਟਿੰਗੇਲ ਦੀ ਜਨਮ ਮਿਤੀ 12 ਮਈ ਨੂੰ ‘ਅੰਤਰਰਾਸ਼ਟਰੀ ਨਰਸ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਜਨਵਰੀ, 1974 ਵਿੱਚ ਲਿਆ ਗਿਆ।

ਭਾਰਤ ਸਰਕਾਰ ਦੇ ਪਰਿਵਾਰ ਅਤੇ ਕਲਿਆਣ ਮੰਤਰਾਲੇ ਨੇ 1973 ਵਿੱਚ ਰਾਸ਼ਟਰੀ ਫਲੋਰੇਂਸ ਨਾਈਟਿੰਗੇਲ ਪੁਰਸਕਾਰ ਦੀ ਸ਼ੁਰੂਆਤ ਕੀਤੀ ਅਤੇ ਇਹ 12 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ।

ਮੌਜੂਦਾਂ ਸਮੇਂ ਦੌਰਾਨ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਵਿੱਚ ਨਰਸਿੰਗ ਸਟਾਫ਼ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਨਰਸਾਂ ਦੀ ਘਾਟ ਹੈ। ਸਰਕਾਰਾਂ ਲਈ ਲਾਜ਼ਮੀ ਹੈ ਕਿ ਰੋਗੀ ਅਤੇ ਨਰਸ ਦੇ ਅਨੁਪਾਤ ਦਾ ਸੰਤੁਲਨ ਬਣਾਉਣ ਲਈ ਲੋੜੀਂਦੇ ਕਦਮਾਂ ਨੂੰ ਅਮਲੀਜਾਮਾ ਪਹਿਣਾਇਆ ਜਾਵੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com