ਪੰਜਾਬ ਦੀ ਆਬਕਾਰੀ ਨੀਤੀ 'ਤੇ ਸੱਦੀ ਗਈ ਪ੍ਰੀ-ਕੈਬਨਿਟ ਮੀਟਿੰਗ ਵਿਚ ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਤਿੱਖੀ ਬਹਿਸ   

ਮਨਪ੍ਰੀਤ ਬਾਦਲ ਤੇ ਚੰਨੀ ਵਿਚਾਲੇ ਛੱਡ ਕੇ ਗਏ ਮੀਟਿੰਗ

ਮੀਟਿੰਗ ਵਿਚ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਤਿੱਖੀ ਬਹਿਸ 

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੀ ਆਬਕਾਰੀ ਨੀਤੀ 'ਤੇ ਸ਼ਨਿਚਰਵਾਰ ਨੂੰ ਸੱਦੀ ਗਈ ਪ੍ਰੀ-ਕੈਬਨਿਟ ਦੀ ਮੀਟਿੰਗ ਵਿਚ ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਤਿੱਖੀ ਬਹਿਸ ਹੋ ਗਈ। ਹੰਗਾਮਾ ਏਨਾ ਵਧ ਗਿਆ ਕਿ ਨਾਰਾਜ਼ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਮੀਟਿੰਗ ਛੱਡ ਕੇ ਚਲੇ ਗਏ। ਮੀਟਿੰਗ ਵਿਚ ਸ਼ਰਾਬ ਦੇ ਠੇਕਿਆ ਦੀ ਨਿਲਾਮੀ 'ਤੇ ਫ਼ੈਸਲਾ ਹੋਣਾ ਸੀ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਨਾਰਾਜ਼ ਮੰਤਰੀਆਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਨ੍ਹਾਂ ਦੇ ਜਾਂਦਿਆਂ ਹੀ ਦੂਜੇ ਮੰਤਰੀ ਵੀ ਮੁੱਖ ਸਕੱਤਰ 'ਤੇ ਭੜਕ ਉੱਠੇ। ਖ਼ਾਸ ਤੌਰ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪੂਰੀ ਭੜਾਸ ਕੱਢੀ। ਮੰਤਰੀਆਂ ਦੀ ਨਾਰਾਜ਼ਗੀ ਕਾਰਨ ਦੋ ਵਜੇ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵੀ ਨਹੀਂ ਹੋ ਸਕੀ। ਹੁਣ ਇਹ ਮੀਟਿੰਗ 11 ਮਈ ਨੂੰ ਹੋਵੇਗੀ।

ਦਰਸਅਸਲ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ ਲਾਕਡਾਊਨ ਤੋਂ ਬਾਅਦ ਨਵੇਂ ਸਿਰੇ ਤੋਂ ਠੇਕਿਆਂ ਨੂੰ ਨਿਲਾਮ ਕਰਨ ਦੀ ਨੀਤੀ ਤਿਆਰ ਕੀਤੀ ਸੀ ਜਿਸ ਵਿਚ ਤਿੰਨ ਬਦਲ ਦਿੱਤੇ ਗਏ ਸਨ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ ਸ਼ੁਰੂ ਹੁੰਦਿਆਂ ਹੀ ਨੀਤੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ 'ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਤੁਸੀਂ ਫ਼ੈਸਲਾ ਕਰ ਹੀ ਲਿਆ ਹੈ ਤਾਂ ਸਾਨੂੰ ਇੱਥੇ ਕਿਸ ਲਈ ਸੱਦਿਆ ਹੈ? ਇਸ 'ਤੇ ਮੁੱਖ ਸਕੱਤਰ ਨੇ ਕਿਹਾ ਕਿ ਨੀਤੀ ਅਫਸਰ ਹੀ ਤਿਆਰ ਕਰਦੇ ਹਨ। ਕੈਬਨਿਟ ਤਾਂ ਉਸ ਨੂੰ ਸਿਰਫ਼ ਪਾਸ ਹੀ ਕਰਦੀ ਹੈ।

ਇਸ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਖ਼ਲ ਦਿੰਦਿਆਂ ਕਿਹਾ ਕਿ ਨੀਤੀ ਅਫਸਰ ਨਹੀਂ ਮੰਤਰੀ ਤਿਆਰ ਕਰਦੇ ਹਨ। ਮੁੱਖ ਸਕੱਤਰ ਦੀ ਵਿੱਤ ਮੰਤਰੀ ਪ੍ਰਤੀ ਪ੍ਰਤੀਕਿਰਿਆ ਕਾਫ਼ੀ ਗੁੱਸੇ ਵਾਲੀ ਸੀ। ਦੋਵਾਂ ਵਿਚਾਲੇ ਕਾਫ਼ੀ ਬਹਿਸ ਹੋਈ। ਮਨਪ੍ਰਰੀਤ ਨੇ ਕਿਹਾ ਕਿ ਜਦੋਂ ਵਿਭਾਗ ਨੇ ਫ਼ੈਸਲਾ ਹੀ ਕਰ ਲਿਆ ਹੈ ਤਾਂ ਮੰਤਰੀਆਂ ਨੂੰ ਦੱਸਣ ਦੀ ਲੋੜ ਹੀ ਕੀ ਹੈ? ਮੰਤਰੀਆਂ ਦੇ ਇਤਰਾਜ਼ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਵੀ ਗੁੱਸੇ ਵਿਚ ਪ੍ਰਤੀਕਿਰਿਆ ਦਿੱਤੀ। ਇਸ 'ਤੇ ਮਨਪ੍ਰੀਤ ਬਾਦਲ ਇਹ ਕਹਿੰਦਿਆਂ ਮੀਟਿੰਗ ਛੱਡ ਕੇ ਚਲੇ ਗਏ ਕਿ ਅਜਿਹੀ ਮੀਟਿੰਗ ਵਿਚ ਸ਼ਿਰਕਤ ਕਰਨ ਦਾ ਕੀ ਫ਼ਾਇਦਾ? ਉਨ੍ਹਾਂ ਦੇ ਪਿੱਛੇ-ਪਿੱਛੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚਲੇ ਗਏ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀਆਂ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਹਰਿਆਣੇ ਦੇ ਮਾਡਲ ਦਾ ਵੀ ਅਧਿਐਨ ਕਰ ਲੈਣ।

ਵਿਵਾਦ ਦਾ ਕਾਰਨ

ਮੀਟਿੰਗ ਵਿਚ 23 ਮਾਰਚ ਤੋਂ ਲੈ ਕੇ 31 ਮਾਰਚ ਤਕ ਠੇਕੇ ਬੰਦ ਰਹਿਣ ਨਾਲ ਠੇਕੇਦਾਰਾਂ ਨੂੰ ਹੋਏ ਨੁਕਸਾਨ 'ਤੇ ਰਿਬੇਟ ਦੇਣ ਦੀ ਗੱਲ ਚੱਲ ਰਹੀ ਸੀ। ਮੰਤਰੀ ਚਾਹੁੰਦੇ ਸਨ ਕਿ ਹਰਿਆਣਾ ਜਾਂ ਕਿਸੇ ਦੂਜੇ ਸੂਬੇ ਦੇ ਮਾਡਲ ਦਾ ਵੀ ਅਧਿਐੱਨ ਕਰ ਲਿਆ ਜਾਵੇ ਪਰ ਮੁੱਖ ਸਕੱਤਰ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਕੇ ਪੂਰੇ ਮਾਮਲੇ ਦਾ ਅਧਿਐਨ ਕਰ ਲਿਆ ਹੈ।

ਹਰਿਆਣਾ ਮਾਡਲ ਲਾਗੂ ਕਰਨ ਦੀ ਲੋੜ ਨਹੀਂ ਹੈ। ਇਸ 'ਤੇ ਮਨਪ੍ਰਰੀਤ ਬਾਦਲ ਭੜਕ ਗਏ। ਇਹ ਸਭ ਕੁਝ ਏਨੀ ਤੇਜ਼ੀ ਨਾਲ ਹੋਇਆ ਕਿ ਉੱਥੇ ਮੌਜੂਦ ਸੀਨੀਅਰ ਅਧਿਕਾਰੀ ਤੇ ਹੋਰ ਮੰਤਰੀ ਵੀ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਆਖ਼ਰ ਕੀ ਹੋਇਆ ਤੇ ਕਿਉਂ ਹੋਇਆ?

ਪੰਜਾਬ ਕਬਨਿਟ ਮਿਟਿਗ ਅੰਦਰ ਪਹਿਲਾਂ ਵੀ ਕਈ ਵਾਰ ਹੋਇਆ ਹੰਗਾਮਾ

ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਫਸਰਾਂ ਵਿਚਾਲੇ ਵਿਚਾਰਕ ਮਤਭੇਦਾਂ ਕਾਰਨ ਮੀਟਿੰਗਾਂ ਵਿਚ ਹੰਗਾਮੇ ਹੋ ਚੁੱਕੇ ਹਨ ਪਰ ਇਸ ਵਾਰ ਵਿੱਤ ਮੰਤਰੀ ਦੀ ਨਾਰਾਜ਼ਗੀ ਪਹਿਲਾਂ ਨਾਲੋਂ ਕੁਝ ਜ਼ਿਆਦਾ ਸੀ। ਮੰਤਰੀ ਦੀ ਨਾਰਾਜ਼ਗੀ ਏਨੀ ਵਧ ਗਈ ਕਿ ਦੋ ਵਜੇ ਸੱਦੀ ਗਈ ਕੈਬਨਿਟ ਦੀ ਮੀਟਿੰਗ ਮੁਲਤਵੀ ਕਰਨੀ ਪਈ।