ਅਰੋਗਿਆ ਸੇਤੂ’ ਐਪ ਰਾਹੀਂ ਕੋਰੋਨਾ ਦੇ ਖ਼ਤਰਿਆਂ ਤੋਂ ਰਹੋ ਸੁਚੇਤ-ਡੀ. ਸੀ

(ਫੋਟੋ :1.ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।  

2.ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਸਿਹਤ ਸੇਵਾਵਾਂ ਨਾਲ ਜੁੜਨ ਵਿਚ ਵੀ ਐਪ ਉਪਯੋਗੀ-ਸਿਵਲ ਸਰਜਨ

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਅੱਜ ਪੂਰਾ ਵਿਸ਼ਵ ਜੂਝ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਇਸ ਮਹਾਂਮਾਰੀ ਤੋਂ ਬਚਾਅ ਲਈ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਸ ਤਰਾਂ ਇਸ ਬਿਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਢਾਹਿਆ ਹੈ, ਹਰ ਕੋਈ ਆਪਣੇ ਆਸਪਾਸ ਇਸ ਮਹਾਂਮਾਰੀ ਦੇ ਖ਼ਤਰੇ, ਬਚਾਅ ਆਦਿ ਬਾਰੇ ਜਾਣਕਾਰੀ ਦੀ ਇੱਛਾ ਰੱਖਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਇਸ ਵਾਇਰਸ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕੇ। ਉਨਾਂ ਦੱਸਿਆ ਕਿ ਘਰ ਬੈਠੇ ਹੀ ਕੋਵਿਡ-19 ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਅਰੋਗਿਆ ਸੇਤੂ’ ਐਪ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਉਨਾਂ ਦੱਸਿਆ ਕਿ ਐਂਡਰਾਇਡ ਅਤੇ ਆਈਫੋਨ ਦੋਵਾਂ ਤਰਾਂ ਦੇ ਸਮਾਰਟ ਫੋਨਾਂ ਵਿਚ ਇਹ ਐਪ ਡਾੳੂਨਲੋਡ ਕੀਤੀ ਜਾ ਸਕਦੀ ਹੈ ਅਤੇ 11 ਭਾਸ਼ਾਵਾਂ ਵਿਚ ਇਸ ਐਪ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਰੋਗਿਆ ਸੇਤੂ ਐਪ ਵਾਸਤੇ ਬਲੂ ਟੁੱਥ ’ਤੇ ਜੀ. ਪੀ. ਐਸ ਡਾਟਾ ਦੀ ਲੋੜ ਪੈਂਦੀ ਹੈ ਅਤੇ ਕਾਨਟੈਕਟ ਟ੍ਰ੍ਰੇਸਿੰਗ ਲਈ ਇਹ ਐਪ ਯੂਜ਼ਰ ਦੇ ਮੋਬਾਈਲ ਨੰਬਰ, ਬਲੂ ਟੁੱਥ ਅਤੇ ਲੋਕੇਸ਼ਨ ਡਾਟਾ ਦਾ ਉਪਯੋਗ ਕਰਦਾ ਹੈ ਅਤੇ ਦੱਸਦਾ ਹੈ ਕਿ ਤੁਸੀਂ ਕੋਰੋਨਾ ਜ਼ੋਖ਼ਿਮ ਦੇ ਖ਼ਤਰੇ ਵਿਚ ਹੋ ਜਾਂ ਨਹੀਂ।

ਹਰਾ ਤੇ ਪੀਲਾ ਰੰਗ ਦਰਸਾਉਂਦਾ ਹੈ ਸੇਫਟੀ ਤੇ ਖ਼ਤਰੇ ਦਾ ਪੱਧਰ 

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਰਜਿਸਟ੍ਰੇਸ਼ਨ ਤੋਂ ਬਾਅਦ ਓ. ਟੀ. ਪੀ ਰਾਹੀਂ ਵੈਰੀਫਾਈ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਯੂਜ਼ਰ ਨਾਮ, ਉਮਰ, ਪੇਸ਼ਾ ਅਤੇ ਪਿਛਲੇ ਦਿਨੀਂ ਕੀਤੀ ਕਿਸੇ ਵਿਦੇਸ਼ ਯਾਤਰਾ ਦੇ ਵੇਰਵੇ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਸਬਮਿਟ ਕਰਨੇ ਪੈਂਦੇ ਹਨ। ਜੇਕਰ ਉਸ ਤੋਂ ਬਾਅਦ ਐਪ ਰਾਹੀਂ ਗ੍ਰੀਨ ਜ਼ੋਨ ਦਾ ਸਿਗਨਲ ਆਉਂਦਾ ਹੈ, ਤਾਂ ਇਸ ਦਾ ਮਤਲਬ ਤੁਸੀਂ ਸੁਰੱਖਿਅਤ ਹੋ ਅਤੇ ਤੁਹਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ, ਹੱਥਾਂ ਦੀ ਸਫ਼ਾਈ ਆਦਿ ਸੁਰੱਖਿਆ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਐਪ ਜ਼ਰੀਏ 500 ਮੀਟਰ ਤੋਂ 10 ਕਿਲੋਮੀਟਰ ਤੱਕ ਦੇ ਦਾਇਰੇ ਵਿਚ ਕੋਰੋਨਾ ਲਾਗ ਦੇ ਖ਼ਤਰਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਯੂਜ਼ਰ ਵੱਲੋਂ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਯੈਲੋ ਜ਼ੋਨ ਸਬੰਧੀ ਸਿਗਨਲ ਆਉਂਦਾ ਹੈ, ਤਾਂ ਇਸ  ਦਾ ਮਤਲਬ ਹੈ ਕਿ ਤੁਸੀਂ ਖ਼ਤਰੇ ਵਿਚ ਹੋ ਅਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ। 

ਸੈਲਫ ਅਸੈਸਮੈਂਟ ਫੀਚਰ ਹੈ ਉਪਯੋਗੀ  ਸਿਵਲ ਸਰਜਨ 

 ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਾਗਰੂਕਤਾ ਫੈਲਾਉਣ ਲਈ ਇਹ ਐਪ ਬਹੁਤ ਹੀ ਉਪਯੋਗੀ ਹੈ, ਉਥੇ ਇਹ ਸਿਹਤ ਸਬੰਧੀ ਸੇਵਾਵਾਂ ਨਾਲ ਯੂਜ਼ਰ ਨੂੰ ਜੁੜਨ ਸਬੰਧੀ ਵੀ ਲਾਹੇਵੰਦ ਜਾਣਕਾਰੀ ਦਿੰਦੀ ਹੈ। ਉਨਾਂ ਇਸ ਐਪ ਦੇ ਸੈਲਫ ਅਸੈਸਮੈਂਟ ਫੀਚਰ ਨੂੰ ਵੀ ਉਪਯੋਗੀ ਦੱਸਿਆ, ਜਿਸ ਰਾਹੀਂ ਪੁੱਛੇ ਗਏ ਸਵਾਨਾ ਦੇ ਆਧਾਰ ’ਤੇ ਯੂਜ਼ਰ ਨੂੰ ਕੋਰੋਨਾ ਲਾਗ ਦੇ ਖ਼ਤਰੇ ਦੀ ਜਾਣਕਾਰੀ ਮਿਲਦੀ ਹੈ। ਉਨਾਂ ਮੈਡੀਕਲ, ਪੈਰਾ ਮੈਡੀਕਲ ਸਟਾਫੇ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਐਪ ਰਾਹੀਂ ਆਪਣੇ ਆਸਪਾਸ ਕੋਰੋਨਾ ਦੇ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਪ੍ਰੇਰਿਆ, ਤਾਂ ਜੋ ਸਮੇਂ ਸਿਰ ਇਸ ਦੇ ਖ਼ਤਰੇ ਨੂੰ ਪਹਿਚਾਣ ਕੇ ਸੁਰੱਖਿਆ ਦੇ ਕਦਮ ਉਠਾਏ ਜਾ ਸਕਣ। ਸਿਵਲ ਸਰਜਨ ਨੇ ਲੋਕਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ, ਮਾਸਕ ਪਾ ਕੇ ਰੱਖਣ ਅਤੇ ਲਾਕਡਾੳੂਨ ਵਿਚ ਦਿੱਤੀ ਢਿੱਲ ਵਿਚ ਬੇਵਜਾ ਬਾਹਰ ਨਾ ਨਿਕਲਣ। ਉਨਾਂ ਸਭਨਾਂ ਦੀ ਚੰਗੀ ਸਿਹਤ ਅਤੇ ਘਰਾਂ ਵਿਚ ਸੁਰੱਖਿਅਤ ਰਹਿਣ ਕੀ ਕਾਮਨਾ ਕੀਤੀ।