ਪੰਜਾਬ 'ਚ 10ਵੀਂ ਦੇ ਵਿਦਿਆਰਥੀ ਅਗਲੀ ਜਮਾਤ 'ਚ ਹੋਣਗੇ ਪ੍ਰਮੋਟ, ਮੁੱਖ ਮੰਤਰੀ ਨੇ ਕੀਤਾ ਐਲਾਨ

ਪੰਜਾਬ ਸਰਕਾਰ ਦੇ ਇਸ ਬਿਆਨ ਦੇ ਨਾਲ ਭਾਰਤ ਸਰਕਾਰ ਦਾ ਵੀ ਇਕ ਬਿਆਨ ਸਾਮਣੇ ਆਇਆ
 

ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿਇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ ਅਤੇ ਉਨਾਂ ਨੂੰ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਕਾਰਗੁਜ਼ਾਰੀ ਦੇ ਆਧਾਰ ’ਤੇ ਅਗਲੀ ਜਮਾਤ ਵਿੱਚ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਅਣਕਿਆਸੇ ਕੋਵਿਡ ਸੰਕਟ ਜਿਸ ਨਾਲ ਲੰਮਾਂ ਸਮਾਂ ਕਰਫਿਊ/ਲਾਕਡਾਊਨ ਲਾਗੂ ਰਿਹਾ, ਦੀ ਰੌਸ਼ਨੀ ਵਿੱਚ ਸੂਬਾ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੰਜਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਵਾਲਾਂ ਅਤੇ ਚਿੰਤਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਫੇਸਬੁੱਕ ’ਤੇ ਆਖਿਆ ਕਿ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਬਾਰੇ ਸੂਬਾ ਸਰਕਾਰ, ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਚੱਲੇਗੀ। ਅੱਜ ਹੀ ਸੈਂਟਰ ਸਰਕਾਰ ਵਲੋਂ  ਸਿਖਿਆ ਸਬੰਧੀ ਜਾਰੀ ਸੂਚਨਾ

ਦਸਵੀਂ ਤੇ ਬਾਰ੍ਹਵੀਂ ਦੀਆਂ ਬਾਕੀ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ

ਨਵੀਂ ਦਿੱਲੀ,ਮਈ 2020 -(ਏਜੰਸੀ)-
ਦੇਸ਼ਵਿਆਪੀ ਲੌਕਡਾਊਨ ਕਾਰਨ ਮੁਲਤਵੀ ਕੀਤੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ। ਕੇਂਦਰੀ ਮਨੁੱਖੀ ਸਰੋਤ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ, ‘‘ਵਿਦਿਆਰਥੀਆਂ ਵਲੋਂ ਬੇਸਬਰੀ ਨਾਲ ਬਾਕੀ ਰਹਿੰਦੇ ਇਮਤਿਹਾਨਾਂ ਦੇ ਸ਼ਡਿਊਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਫ਼ੈਸਲਾ ਲਿਆ ਗਿਆ ਹੈ ਕਿ ਇਹ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ।’’ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਸੀਬੀਐੱਸਈ ਵਲੋਂ ਐਲਾਨੀ ਜਾਵੇਗੀ।