ਕੈਲੀਫੋਰਨੀਆ/ਯੂ ਐਸ ਏ, ਮਈ 2020 -(ਏਜੰਸੀ)-ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਬੀਤੇ 24 ਘੰਟਿਆਂ ਵਿਚ 1500 ਦੇ ਕਰੀਬ ਮੌਤਾਂ ਹੋਣ ਦੀ ਖ਼ਬਰ ਹੈ, ਜਿਸ ਨਾਲ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 68600 ਗਿਆ ਹੈ, ਜਦੋਂਕਿ ਮਰੀਜ਼ਾਂ ਦੀ ਗਿਣਤੀ 11 ਲੱਖ 88 ਹਜ਼ਾਰ ਤੋਂ ਉੱਪਰ ਪਹੁੰਚ ਗਈ ਹੈ | ਇਸੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੇ ਅਮਰੀਕਾ 'ਚ ਤਾਲਾਬੰਦੀ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਹ ਸੂਬਿਆਂ ਦੀ ਮਰਜ਼ੀ 'ਤੇ ਨਿਰਭਰ ਕਰਦਾ ਹੈ ਕਿ ਸੂਬੇ ਨੂੰ ਕਦੋਂ ਤੇ ਕਿਵੇਂ ਖੋਲ੍ਹਣਾ ਹੈ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਸਾਲ ਦੇ ਅਖ਼ੀਰ ਤੱਕ ਕੋਰੋਨਾ ਨੂੰ ਖ਼ਤਮ ਕਰਨ ਦਾ ਟੀਕਾ ਆ ਜਾਵੇਗਾ | ਅਮਰੀਕਾ ਦੇ ਤਕਰੀਬਨ 35 ਸੂਬਿਆਂ ਨੇ ਤਾਲਾਬੰਦੀ ਖੋਲ੍ਹਣ ਦੀ ਸਹਿਮਤੀ ਦਿੱਤੀ ਸੀ ਪਰ ਅਜੇ ਵੀ ਬਹੁਤੇ ਸੂਬੇ ਅਜਿਹੇ ਹਨ, ਜੋ ਤਾਲਾਬੰਦੀ ਨੂੰ ਖੋਲ੍ਹਣ ਦੇ ਹੱਕ ਵਿਚ ਨਹੀਂ ਹਨ | ਜ਼ਿਕਰਯੋਗ ਹੈ ਕਿ ਪਿਛਲੇ 2 ਮਹੀਨਿਆਂ ਤੋਂ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਸਭ ਕੁਝ ਰੁਕ ਗਿਆ ਹੈ ਤੇ ਢਾਈ ਕਰੋੜ ਤੋਂ ਜ਼ਿਆਦਾ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜੋ ਤਿੰਨ ਕਰੋੜ ਤੱਕ ਪਹੁੰਚ ਸਕਦੀਆਂ ਹਨ | ਇਸੇ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਪੀਓ ਨੇ ਕਿਹਾ ਕਿ ਚੀਨ ਨੇ ਜਾਣ ਬੁੱਝ ਕੇ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਲੁਕਾਇਆ ਤੇ ਸਾਰੀ ਦੁਨੀਆ ਨੂੰ ਝੂਠ ਬੋਲਿਆ, ਜਿਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ | ਟਰੰਪ ਪ੍ਰਸ਼ਾਸਨ ਵਲੋਂ ਚੀਨ 'ਤੇ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਨਵੀਂ ਵਪਾਰ ਨੀਤੀ ਵੀ ਬਣਾਉਣ ਦੀ ਯੋਜਨਾ ਚੱਲ ਰਹੀ ਹੈ |