ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਲਾਕਡਾੳੂਨ ਹੋਇਆ ਪਿਆ ਹੈ ਅਤੇ ਇਸ ਦੇ ਚੱਲਦਿਆਂ ਪੰਜਾਬ ਵਿਚ ਵੀ ਕਰਫਿੳੂ ਲੱਗਾ ਹੋਇਆ ਹੈ। ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਪਿਛਲੇ ਕਾਫੀ ਸਮੇਂ ਤੋਂ ਆਪਣੇ ਘਰਾਂ ਵਿਚ ਹੀ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਲੋਕਾਂ ਦੇ ਘਰਾਂ ਵਿਚ ਰਹਿਣ ਕਾਰਨ ਘਰੇਲੂ ਹਿੰਸਾ ਵਿਚ ਭਾਰੀ ਵਾਧਾ ਹੋਇਆ ਹੈ। ਇਸ ਵਿਚ ਜ਼ਿਆਦਾਤਰ ਔਰਤਾਂ ਨਾਲ ਲੜਾਈ-ਝਗੜੇ ਦੇ ਕੇਸ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਇਸ ਦੇ ਮੱਦੇਨਜ਼ਰ ਅੱਜ ਕਪੂਰਥਲਾ ਪੁਲਿਸ ਵੱਲੋਂ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਤਿੰਦਰ ਸਿੰਘ ਦੇ ਆਦੇਸ਼ਾਂ ’ਤੇ ਔਰਤਾਂ ਖਿਲਾਫ਼ ਘਰੇਲੂ ਹਿੰਸਾ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਔਰਤਾਂ ਅਤੇ ਬੱਚਿਆਂ ਖਿਲਾਫ਼ ਅਪਰਾਧ ਸ਼ਾਖਾ ਦੇ ਮੁਖੀ ਡੀ. ਐਸ. ਪੀ ਸੰਦੀਪ ਸਿੰਘ ਮੰਡ ਨੇ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਘਰੇਲੂ ਹਿੰਸਾ ਲੋਕਾਂ ਅਤੇ ਪੁਲਿਸ ਦੇ ਸਾਂਝੇ ਯਤਨਾਂ ਨਾਲ ਹੀ ਰੋਕੀ ਜਾ ਸਕਦੀ ਹੈ ਅਤੇ ਇਸ ਲਈ ਲੋੜ ਕੇਵਲ ਸਮੂਹਿਕ ਅਤੇ ਸਹਿਯੋਗੀ ਪਹੁੰਚ ਅਪਣਾਉਣ ਅਤੇ ਇੱਛਾ ਸ਼ਕਤੀ ਦੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ 112 ਨੰਬਰ ’ਤੇ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਜ਼ਿਲਾ ਕਪੂਰਥਲਾ ਦੇ ਸਮੂਹ ਥਾਣਿਆਂ ਵਿਚ ਇਕ-ਇਕ ਮਹਿਲਾ ਪੁਲਿਸ ਮੁਲਾਜ਼ਮ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਮਹਿਲਾ ਪੁਲਿਸ ਮੁਲਾਜ਼ਮ ਦਿਨ-ਰਾਤ ਡਿੳੂਟੀ ’ਤੇ ਤਾਇਨਾਤ ਰਹਿਣਗੇ ਤਾਂ ਜੋ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸਬ-ਇੰਸਪੈਕਟਰ ਦੀਪਿਕਾ ਨਾਹਰ, ਏ. ਐਸ. ਆਈ ਮਨਜੀਤ ਕੌਰ, ਸੁਰਿੰਦਰ ਕੌਰ, ਸਵਿਤਾ, ਸਿਮਰਨਪ੍ਰੀਤ ਕੌਰ, ਸੰਦੀਪ ਕੌਰ, ਬਲਜਿੰਦਰ ਕੌਰ, ਸਿਮਰਨਜੋਤ ਕੌਰ ਅਤੇ ਮਨੀਸ਼ਾ ਆਦਿ ਹਾਜ਼ਰ ਸਨ।