ਕਰਫਿਊ ਦੇ ਨਾਮ 'ਤੇ ਲੁਧਿਆਣਾ ਦੇ ਸੂਰ ਪਾਲਕ ਨਾਲ ਦਿੱਲੀ ਪੁਲਿਸ ਵੱਲੋਂ ਧੱਕੇਸ਼ਾਹੀ

ਰਿਸ਼ਵਤ ਦੇ ਨਾਮ 'ਤੇ ਲਏ 15 ਹਜ਼ਾਰ ਰੁਪਏ, ਗ੍ਰਹਿ ਮੰਤਰਾਲੇ ਦੇ ਦਖ਼ਲ ਨਾਲ ਮੁਲਾਜ਼ਮ ਲਾਇਨ ਹਾਜ਼ਰ, ਵਿਜੀਲੈਂਸ ਜਾਂਚ ਹੋਵੇਗੀ

ਲੁਧਿਆਣਾ, ਅਪ੍ਰੈੱਲ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਬੀਤੇ ਦਿਨੀਂ ਕਰਫਿਊ ਪਾਸ ਲੈ ਕੇ ਲੁਧਿਆਣਾ ਤੋਂ ਦਿੱਲੀ ਗਏ ਪਸ਼ੂ ਪਾਲਕ ਨਾਲ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ 'ਤੇ ਧੱਕੇਸ਼ਾਹੀ ਕੀਤੀ ਗਈ ਅਤੇ ਰਿਸ਼ਵਤ ਵਜੋਂ 15 ਹਜ਼ਾਰ ਰੁਪਏ ਲਏ ਗਏ। ਪੰਜਾਬ ਸਰਕਾਰ ਵੱਲੋਂ ਚਾਰਾਜੋਈ ਕਰਨ 'ਤੇ ਇਸ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣਾ ਪਿਆ, ਜਿਸ ਉਪਰੰਤ ਦੋਸ਼ੀ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੇ ਨਾਲ-ਨਾਲ ਰਿਸ਼ਵਤ ਲੈਣ ਦੀ ਵਿਜੀਲੈਂਸ ਜਾਂਚ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਨਾਲ ਸੰਬੰਧਤ ਕਿਸਾਨ ਸੁਰਿੰਦਰ ਸਿੰਘ ਬੀਤੇ ਦਿਨੀਂ 14 ਅਪ੍ਰੈੱਲ ਨੂੰ ਬਕਾਇਦਾ ਜ਼ਰੂਰੀ ਸੇਵਾਵਾਂ ਨਾਲ ਸੰਬੰਧਤ ਕਰਫਿਊ ਪਾਸ ਲੈ ਕੇ ਦਿੱਲੀ ਸੂਰ ਵੇਚਣ ਲਈ ਗਿਆ ਸੀ। ਜਦੋਂ ਉਹ 15 ਅਪ੍ਰੈੱਲ ਨੂੰ ਪਹਾੜਗੰਜ ਦਿੱਲੀ ਵਿਖੇ ਪਹੁੰਚਿਆ ਤਾਂ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਨਿਸ਼ਾਰ ਖਾਨ, ਸਿਪਾਹੀ ਸੰਦੀਪ ਯਾਦਵ ਅਤੇ ਹੋਰਾਂ ਵੱਲੋਂ ਉਸ ਨੂੰ ਕਰਫਿਊ ਦੇ ਨਾਮ 'ਤੇ ਫੜ ਲਿਆ ਗਿਆ ਅਤੇ ਉਸ ਤੋਂ ਰਿਸ਼ਵਤ ਦੇ ਨਾਮ 'ਤੇ 15 ਹਜ਼ਾਰ ਰੁਪਏ ਲੈ ਲਏ। ਪੰਜਾਬ ਸਰਕਾਰ ਵੱਲੋਂ ਜ਼ਰੂਰੀ ਸੇਵਾਵਾਂ ਦੀ ਨਿਗਰਾਨੀ ਕਰਨ ਲਈ ਬਣਾਈ ਰਾਜ ਪੱਧਰੀ ਸਬ ਕਮੇਟੀ ਵੱਲੋਂ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਬ ਇੰਸਪੈਕਟਰ ਨਿਸ਼ਾਰ ਖਾਨ, ਸਿਪਾਹੀ ਸੰਦੀਪ ਯਾਦਵ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਅਤੇ ਰਿਸ਼ਵਤ ਲੈਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ ਗਏ। ਡਾ. ਇੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕਰਫਿਊ/ਲੌਕਡਾਊਨ ਦੀ ਸਥਿਤੀ ਵਿੱਚ ਹਰ ਵਰਗ ਦੇ ਲੋਕਾਂ ਖਾਸ ਕਰਕੇ ਪਸ਼ੂ ਪਾਲਕਾਂ ਦੇ ਹਿੱਤਾਂ ਦਾ ਪੂਰੀ ਤਰਾਂ ਧਿਆਨ ਰੱਖਿਆ ਜਾ ਰਿਹਾ ਹੈ। ਜਾਣਕਾਰੀ ਦੇਣ ਮੌਕੇ ਵਿਭਾਗ ਦੇ ਪੀ.ਆਰ.ਓ. ਡਾ. ਪਰਮਪਾਲ ਸਿੰਘ ਵੀ ਹਾਜ਼ਰ ਸਨ।