ਜ਼ਿਲਾ ਲੁਧਿਆਣਾ ਦੇ ਜੱਜਾਂ ਅਤੇ ਹੋਰ ਸਟਾਫ਼ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ 10 ਲੱਖ ਤੋਂ ਵਧੇਰੇ ਰਾਸ਼ੀ ਦਾਨ

ਲੁਧਿਆਣਾ, ਅਪ੍ਰੈੱਲ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਜ਼ਿਲਾ ਲੁਧਿਆਣਾ ਵਿੱਚ ਨਿਆਂਇਕ ਸੇਵਾਵਾਂ ਨਿਭਾਅ ਰਹੇ ਸਾਰੇ ਜੱਜਾਂ ਅਤੇ ਕਚਿਹਰੀਆਂ ਦੇ ਹੋਰ ਸਟਾਫ਼ ਵੱਲੋਂ ਇਕੱਤਰ ਕੀਤੀ 10 ਲੱਖ 10 ਹਜ਼ਾਰ 500 ਰੁਪਏ ਦੀ ਰਾਸ਼ੀ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਦਾਨ ਕੀਤੀ ਗਈ। ਜ਼ਿਲਾ ਅਤੇ ਸੈਸ਼ਨ ਜੱਜ  ਗੁਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਸ਼ੀ ਵਿੱਚ ਉਨਾਂ ਵੱਲੋਂ 9500 ਰੁਪਏ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜਾਂ ਵੱਲੋਂ 7500 ਰੁਪਏ ਹਰੇਕ, ਸੀਨੀਅਰ ਡਵੀਜ਼ਨ ਸਿਵਲ ਜੱਜਾਂ, ਸੀ. ਜੇ. ਐੱਮ., ਸੁਪਰਡੈਂਟ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਅਧਿਕਾਰੀਆਂ ਵੱਲੋਂ 5000 ਰੁਪਏ ਹਰੇਕ, ਰੀਡਰਜ਼, ਸਟੈਨੋਗ੍ਰਾਫਰਜ਼ ਅਤੇ ਕਲਰਕਾਂ ਵੱਲੋਂ 1000 ਰੁਪਏ ਹਰੇਕ, ਸਰਵੇਅਰ, ਅਸ਼ਰ, ਪੀਅਨ, ਵਾਟਰਮੈਨ ਅਤੇ ਦਫ਼ਤਰੀ ਆਦਿ ਵੱਲੋਂ 500 ਰੁਪਏ ਹਰੇਕ ਵੱਲੋਂ ਯੋਗਦਾਨ ਪਾਇਆ ਗਿਆ ਹੈ। ਗੁਰਬੀਰ ਸਿੰਘ ਨੇ ਸਹਿਯੋਗ ਪਾਉਣ ਲਈ ਸਾਰੇ ਸਾਥੀ ਜੱਜਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਮੁਸ਼ਕਿਲ ਘੜੀ ਵਿੱਚ ਹਰੇਕ ਦੇਸ਼ ਵਾਸੀ ਨੂੰ ਅੱਗੇ ਹੋ ਕੇ ਆਪਣੇ-ਆਪਣੇ ਤਰੀਕੇ ਨਾਲ ਸਮਾਜ ਸੇਵਾ ਅਤੇ ਲੋਕ ਸੇਵਾ ਕਰਨੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਘਰਾਂ ਦੇ ਅੰਦਰ ਹੀ ਰਹਿਣ ਅਤੇ ਸਮੇਂ-ਸਮੇਂ 'ਤੇ ਲੋਕ ਹਿੱਤ ਵਿੱਚ ਜਾਰੀ ਹਦਾਇਤਾਂ ਦੀ ਪਾਲਣਾ ਕਰਨ।