ਮਨੁੱਖ, ਰੂੱਖ , ਪੱਤੇ ਤੇ ਵੇਲ!  ✍️ ਸਲੇਮਪੁਰੀ ਦੀ ਚੂੰਢੀ

ਮਨੁੱਖ, ਰੂੱਖ , ਪੱਤੇ ਤੇ ਵੇਲ! 

 

ਰੁੱਖ ਅਤੇ ਮਨੁੱਖ ਦੀ ਆਪਸੀ ਅਟੁੱਟ ਸਾਂਝੇਦਾਰੀ ਹੈ। ਮਾਂ ਦੀ ਕੁੱਖ ਵਿੱਚ ਪਲ ਰਹੇ ਬੱਚੇ  ਨੂੰ ਮਾਂ ਦੇ ਮਾਧਿਅਮ ਰਾਹੀਂ ਸਾਹ ਲੈਣ ਲਈ ਜੋ ਆਕਸੀਜਨ ਮਿਲਦੀ ਹੈ, ਰੁੱਖ ਹੀ ਪੈਦਾ ਕਰਦੇ ਹਨ। ਇਸ ਤਰ੍ਹਾਂ ਰੁੱਖ ਮਨੁੱਖ ਦੀ ਮੌਤ ਤੱਕ ਨਾਲ ਰਹਿੰਦੇ ਹਨ। ਰੁੱਖ ਮਨੁੱਖ ਲਈ ਬਹੁਤ ਵੱਡਾ ਰਾਹ ਦਿਸੇਰਾ ਵੀ ਹਨ ਜੋ ਮਨੁੱਖ ਨੂੰ ਔਕੜਾਂ, ਦੁੱਖਾਂ ਵੇਲੇ ਆਪਣੇ ਵਾਂਗੂੰ ਮੀਹਾਂ, ਹਨੇਰੀਆਂ, ਤੁਫਾਨਾਂ, ਕਾਲੀਆਂ ਡਰਾਉਣੀਆਂ ਰਾਤਾਂ, ਸੋਕਾ, ਹੜਾਂ ਵਰਗੀਆਂ ਪ੍ਰਸਿੱਥਤੀਆਂ ਵਿਚ ਵੀ ਅਡੋਲ ਅਤੇ ਸ਼ਾਂਤ ਖੜ੍ਹੇ ਰਹਿਣ ਦਾ ਪਾਠ ਪੜਾਉੰਦੇ ਹਨ।ਇਥੇ ਹੀ ਬਸ ਨਹੀਂ ਰੁੱਖ ਸਾਨੂੰ ਇਹ ਵੀ ਦੱਸਦੇ ਹਨ ਕਿ ਜਦੋਂ ਉਸ ਦੇ ਪੱਤੇ ਸੁੱਕ ਜਾਂਦੇ ਹਨ ਤਾਂ ਟਾਹਣੀਆਂ ਸਾਥ ਛੱਡ ਜਾਂਦੀਆਂ ਹਨ ਜਦੋਂ ਕਿ ਪੱਤਿਆਂ ਸਦਕਾ ਹੀ ਰੁੱਖ ਨੇ ਵੱਡਾ ਹੋ ਕੇ ਅਸਮਾਨ ਨੂੰ ਛੂਹਣਾ ਹੁੰਦਾ ਹੈ।ਫਿਰ ਜਦੋਂ ਰੁੱਖ ਨਾਲੋਂ ਜਿਹੜੇ ਪੱਤੇ ਭਾਵੇਂ ਹਰੇ ਹੋਣ ਜਾਂ ਸੁੱਕੇ ਝੜਦੇ ਹਨ, ਉਹ ਜਾਂਦੇ ਜਾਂਦੇ ਵੀ ਮਨੁੱਖ ਦਾ ਬਹੁਤ ਕੁੱਝ ਸੁਆਰ ਜਾਂਦੇ ਹਨ। ਸੁੱਕੇ ਪੱਤੇ ਖੇਤਾਂ ਵਿਚ ਜਾ ਕੇ ਖਾਦ ਦੇ ਰੂਪ ਵਿਚ ਫਸਲਾਂ ਉਗਾਉਣ ਲਈ ਸਹਾਈ ਹੁੰਦੇ ਹਨ ਅਤੇ ਬਚੇ ਖੁਚੇ ਪੱਤੇ ਚੁੱਲ੍ਹੇ ਵਿਚ ਸੜ ਕੇ ਮਨੁੱਖ ਦਾ ਢਿੱਡ ਭਰਨ ਲਈ ਖਾਣਾ ਬਣਾਉਣ ਦੇ ਕੰਮ ਆਉਂਦੇ ਹਨ। ਇਸ ਤਰ੍ਹਾਂ ਰੁੱਖਾਂ ਦੇ ਮਰੇ ਹੋਏ ਭਾਵ ਸੁੱਕੇ ਪੱਤੇ ਵੀ ਕੰਮ ਆਉਂਦੇ ਹਨ, ਪਰ ਅੱਜ ਸਾਡਾ ਲਹੂ ਸੱਚਮੁੱਚ ਹੀ ਚਿੱਟਾ ਹੋ ਗਿਆ ਹੈ। ਧੀਆਂ - ਪੁੱਤ ਆਪਣੇ ਮ੍ਰਿਤਕ ਮਾਂ-ਪਿਉ ਦੀਆਂ ਮ੍ਰਿਤਕ ਦੇਹਾਂ ਲੈਣ ਤੋਂ ਬੇ-ਮੁੱਖ ਹੋ ਰਹੇ ਹਨ।

   ਅਸੀਂ ਵੇਖਦੇ ਹਾਂ ਕਿ ਕਈ ਰੁੱਖ ਜਿਹੜੇ ਸਿਉਂਕ ਜਾਂ ਕੋਈ ਬਿਮਾਰੀ ਲੱਗਣ ਕਾਰਨ ਸੁੱਕ ਜਾਂਦੇ ਹਨ ਤਾਂ ਕੁਦਰਤੀ ਉਨ੍ਹਾਂ ਦੀਆਂ ਜੜ੍ਹਾਂ ਵਿਚ ਆਪਣੇ ਆਪ ਕੋਈ ਵੇਲ ਉੱਗ ਆਉਂਦੀ ਹੈ, ਜਿਹੜੀ ਉਸ ਉਪਰ ਚੜ੍ਹ ਜਾਂਦੀ ਹੈ। ਵੇਲ ਸੁੱਕੇ ਰੁੱਖ ਦੇ ਆਲੇ-ਦੁਆਲੇ ਇਸ ਤਰ੍ਹਾਂ ਲਿਪਟੀ ਜਾਂਦੀ ਹੈ ਜਿਵੇਂ ਕੋਈ ਮਾਂ ਜਾਂ ਪਿਉ ਆਪਣੇ ਬੱਚੇ ਨੂੰ ਘੁੱਟ ਕੇ ਗਲ-ਵੱਕੜੀ ਪਾ ਕੇ ਕਲਾਵੇ ਵਿਚ ਲੈ ਲੈਂਦਾ ਹੈ। ਸੁੱਕੇ ਰੁੱਖ ਦੇ ਆਲੇ-ਦੁਆਲੇ ਲਿਪਟੀ ਵੇਲ ਦੇ ਪੱਤੇ ਇਸ ਤਰ੍ਹਾਂ ਭੁਲੇਖਾ ਪਾਉਂਦੇ ਹਨ, ਜਿਵੇਂ ਰੁੱਖ ਦੇ ਹੀ ਪੱਤੇ ਹੋਣ। ਵੇਲ  ਸੁੱਕੇ ਰੁੱਖ ਦੇ ਗਲ ਲਗ ਕੇ ਉਸ ਨੂੰ ਦਿਲਾਸਾ ਦਿੰਦੀ ਹੈ ਕਿ,' ਐਹ! ਰੁੱਖ ਉਦਾਸ ਨਾ ਹੋ, ਮੈਂ ਤੇਰੇ ਨਾਲ ਹਾਂ, ਭਾਵੇਂ ਮੈਂ ਵੇਲ ਹਾਂ, ਤੇਰਾ ਮੇਰਾ ਆਪਸ ਵਿਚ ਖੂਨ ਦਾ ਕੋਈ ਰਿਸ਼ਤਾ ਨਹੀਂ , ਪਰ ਮੇਰੀ ਆਤਮਾ ਮਰੀ ਨਹੀਂ, ਜਾਗਦੀ ਆ, ਤੇਰੇ ਨਾਲ ਖੜੀ ਆਂ, ਭਾਵੇਂ ਕਮਜੋਰ ਆਂ, ਮਨੁੱਖ ਵਾਂਗੂੰ ਦੁੱਖ ਵਿਚ ਸਾਥ ਛੱਡਣ ਵਾਲਿਆਂ ਵਿਚ ਮੈਂ ਸ਼ਾਮਿਲ ਨਹੀਂ ਆਂ' 

 ਅੱਜ ਸੰਸਾਰ ਵਿੱਚ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ। ਪੀੜਤ ਮਰੀਜਾਂ ਅਤੇ ਮ੍ਰਿਤਕ ਮਰੀਜਾਂ ਦੇ ਪਰਿਵਾਰਕ ਮੈਂਬਰ ਆਪਣਿਆਂ ਤੋਂ ਬੇ-ਮੁੱਖ ਹੋ ਰਹੇ ਹਨ, ਮ੍ਰਿਤਕ ਦੇਹਾਂ ਵੇਖ ਕੇ ਸਿਵਿਆਂ ਨੇ ਬੂਹੇ ਭੇੜ ਲਏ ਹਨ। ਹੁਣ ਪੀੜ੍ਹਤਾਂ ਅਤੇ ਮ੍ਰਿਤਕਾਂ ਲਈ ਕੇਵਲ ਤੇ ਕੇਵਲ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਐਂਬੂਲੈਂਸਾਂ ਦੇ ਡਰਾਈਵਰ, ਸਫਾਈ ਸੇਵਕ ਅਤੇ ਪੁਲਿਸ ਮੁਲਾਜ਼ਮ ਹੀ ਇੱਕ ਮਾਤਰ ਸਹਾਰਾ ਹਨ, ਜਿਵੇਂ ਸੁੱਕੇ ਰੁੱਖ ਨੂੰ ਉਸ ਨਾਲ ਲਿਪਟੀ ਵੇਲ ਸਹਾਰਾ ਦਿੰਦੀ ਹੋਈ ਛਾਂ ਦਿੰਦੀ ਹੈ।

ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਲੁਧਿਆਣਾ ਵਿਚ ਬੀਬੀ ਸੁਰਿੰਦਰ ਕੌਰ ਅਤੇ ਚੰਡੀਗੜ੍ਹ ਲਾਗੇ ਨਵਾਂ ਗਾਉੰ ਵਿਚ ਹੋਈ ਬਜੁਰਗ ਦੀ ਮੌਤ ਪਿੱਛੋਂ ਵਾਪਰੀਆਂ ਘਟਨਾਵਾਂ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ। ਲੁਧਿਆਣਾ ਵਿਚ ਵਧੀਕ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐਸ ਡੀ ਐਮ ਅਮਰਿੰਦਰ ਸਿੰਘ ਮੱਲ੍ਹੀ 

ਅਤੇ ਜਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ ਵਲੋ ਮ੍ਰਿਤਕ ਸੁਰਿੰਦਰ ਕੌਰ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਚੁੱਕੀ ਜਿੰਮੇਵਾਰੀ ਇੱਕ ਇਤਿਹਾਸਿਕ ਗੱਲ ਹੋ ਨਿਬੜੀ ਹੈ, ਪਰ ਇਸ ਤੋਂ ਵੀ ਵੱਧਕੇ ਸ਼ਮਸ਼ਾਨਘਾਟ ਵਿਚ ਇੱਕ ਗਰੀਬ ਸੇਵਾਦਾਰ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮ੍ਰਿਤਕ ਸੁਰਿੰਦਰ ਕੌਰ ਦੀ ਚਿਖਾ ਨੂੰ ਅਗਨੀ ਭੇਟ ਕਰਨਾ ਇੱਕ ਕੁਰਬਾਨੀ ਤੋਂ ਘੱਟ ਨਹੀਂ ਹੈ। ਮ੍ਰਿਤਕਾ ਦੇ ਅੰਤਿਮ ਸਸਕਾਰ ਵੇਲੇ ਤਹਿਸੀਲਦਾਰ ਜਗਸੀਰ ਸਿੰਘ ਵਲੋਂ ਨਿਭਾਈ ਦਲੇਰਾਨਾ ਜਿੰਮੇਵਾਰੀ ਵੀ ਸ਼ਲਾਘਾਯੋਗ ਹੈ।

-ਸੁਖਦੇਵ ਸਲੇਮਪੁਰੀ

09780620233

7 ਅਪ੍ਰੈਲ, 2020