ਜਗਰਾਉਂ/ਲੁਧਿਆਣਾ,ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)
ਪੰਜਾਬ ਵਿਚ ਕਰਫ਼ਿਊ ਦੌਰਾਨ ਪ੍ਰਸ਼ਾਸਨ ਦੀਆਂ ਸੇਵਾਵਾਂ ਦੇ ਨਾਲ-ਨਾਲ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਲੋਕ ਆਪਣੇ ਤੇ ਸਮਾਜ ਦੇ ਬਚਾਓ ਲਈ ਘਰਾਂ 'ਚ ਬੈਠ ਕੇ ਸਾਡਾ ਸਾਥ ਦੇਣ | ਇਹ ਅਪੀਲ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ ਨੇ ਜਗਰਾਉਂ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੌਰਾਨ ਇਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸਮੇਂ ਕੀਤੀ | ਉਨ੍ਹਾਂ ਇਸ ਮੌਕੇ ਜਗਰਾਉਂ ਸ਼ਹਿਰ 'ਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਹੋਰ ਸੇਵਾਵਾਂ 'ਚ ਲੱਗੇ ਸਮਾਜ ਸੇਵੀ ਲੋਕਾਂ ਨੂੰ ਹੌਸਲਾ ਵੀ ਦਿੱਤਾ ਤੇ ਕਿ ਉਹ ਔਖੇ ਸਮੇਂ ਲੋਕਾਂ ਦੀ ਸੇਵਾ ਕਰਕੇ ਸਮਾਜ ਲਈ ਵੱਡਾ ਫ਼ਰਜ ਨਿਭਾ ਰਹੇ ਹਨ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੇ ਬਚਾਓ ਲਈ ਸਾਵਾਧਾਨੀਆਂ ਦਾ ਿਖ਼ਆਲ ਰੱਖਣ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਭੂਮਿਕਾ ਨਿਭਾਉਣ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਐਸ.ਪੀ. ਸ੍ਰੀ ਸੋਨੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ 'ਚ ਰਹਿਣ | ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਤੇ ਜਗਰਾਉਂ ਸ਼ਹਿਰ ਦੇ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤੇ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਘਰਾਂ 'ਚ ਬੈਠਣ, ਜਿਸ ਤੋਂ ਬਾਅਦ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ |