ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਹਤਿਆਤ ਵਜੋਂ ਜ਼ਿਲੇ ਵਿਚ 1928 ਬੈੱਡ ਦੀ ਸਮਰੱਥਾ ਵਾਲੇ ਸੱਤ ‘ਕੋਵਿਡ-19 ਕੇਅਰ ਸੈਂਟਰ’ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਕੁੱਲ 495 ਕਮਰੇ ਅਤੇ 38 ਹਾਲ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ, ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਸ਼ਾਮਿਲ ਹਨ। ਉਨਾਂ ਦੱਸਿਆ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਦੋ ਸੈਂਟਰ ਬਣਾਏ ਗਏ ਹਨ। ਉਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 140 ਕਮਰਿਆਂ ਵਾਲੇ ਸੈਂਟਰ ਦੀ ਸਮਰੱਥਾ 420 ਹੈ। ਇਸੇ ਤਰਾਂ ਗੁਰਦੁਆਰਾ ਬੇਬੇ ਨਾਨਕ ਸੁਲਤਾਨਪੁਰ ਲੋਧੀ ਵਿਖੇ 17 ਕਮਰਿਆਂ ਵਿਚ 51 ਬੈੱਡ, ਸਰਦਾਰ ਸਵਰਨ ਸਿੰਘ ਨੈਸ਼ਨਲ ਰਿਨੇਵਲ ਐਨਰਜੀ ਕਪੂਰਥਲਾ ਵਿਖੇ 30 ਕਮਰਿਆਂ ਵਿਚ 30 ਬੈੱਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ 150 ਕਮਰਿਆਂ ਵਿਚ 150 ਬੈੱਡ ਅਤੇ 70 ਕਮਰਿਆਂ ਵਿਚ 90 ਬੈੱਡ, ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 16 ਕਮਰਿਆਂ ਵਿਚ 29 ਬੈੱਡ ਅਤੇ ਜੀ. ਐਨ. ਏ ਯੂਨੀਵਰਸਿਟੀ ਫਗਵਾੜਾ ਵਿਖੇ 72 ਕਮਰਿਆਂ ਵਿਚ 200 ਬੈੱਡ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 345 ਬੈੱਡ ਵਾਲੇ 23 ਹਾਲ, ਗੁਰਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਵਿਖੇ 500 ਬੈੱਡ ਵਾਲੇ ਹਾਲ ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿੳੂਟ ਆਫ ਰਿਨੇਵਲ ਐਨਰਜੀ ਕਪੂਰਥਲਾ ਵਿਖੇ 16 ਬੈੱਡ ਦੀ ਸਮਰੱਥਾ ਵਾਲੇ 4 ਹਾਲ ਅਤੇ ਐਸ. ਜੀ. ਐਲ ਚੈਰੀਟੇਬਲ ਹਸਪਤਾਲ ਮੁਸਤਫਾਬਾਦ (ਸੁਭਾਨਪੁਰ) ਵਿਖੇ 97 ਬੈੱਡ ਦੀ ਸਮਰੱਥਾ ਵਾਲੇ 9 ਹਾਲ ਇਸ ਕੰਮ ਲਈ ਵਰਤੇ ਜਾ ਰਹੇ ਹਨ।
ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।