ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਗ੍ਰੰਥੀ ਦੀ ਕੋਰੋਨਾ ਕਾਰਨ ਮੌਤ

ਲੰਡਨ,ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-

 ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਦੀ 5 ਤਰੀਕ ਸਵਰੇ 2 ਵਜੇ ਮੌਤ ਹੋ ਗਈ | ਉਹ ਬੀਤੇ ਦਸ ਦਿਨਾਂ ਤੋਂ ਇਕਾਂਤਵਾਸ 'ਚ ਸਨ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ | ਉਹ 54 ਸਾਲਾਂ ਦੇ ਸਨ, ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ | ਭਾਈ ਅਮਰੀਕ ਸਿੰਘ ਗੁਰਦਾਸਪੁਰ ਜ਼ਿਲੇ੍ਹ ਦੇ ਪਿੰਡ ਗੰਢੇ ਕੇ ਦੇ ਜੰਮਪਲ ਸਨ ਅਤੇ ਬੀਤੇ ਕਈ ਵਰਿ੍ਹਆਂ ਤੋਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਉਨ੍ਹਾਂ ਨੂੰ ਗੁਰਬਾਣੀ ਪਾਠ, ਕਥਾ ਵਿਚਾਰਾਂ ਦੇ ਨਾਲ-ਨਾਲ ਕੀਰਤਨ ਦੀ ਵੀ ਮੁਹਾਰਤ ਹਾਸਲ ਸੀ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਭਾਈ ਅਮਰੀਕ ਸਿੰਘ ਦਾ ਅੰਤਿਮ ਸੰਸਕਾਰ ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਜਾਵੇਗਾ | ਭਾਈ ਅਮਰੀਕ ਸਿੰਘ ਦੇ ਅਕਾਲ ਚਲਾਣੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਧਾਤੀ, ਗਿਆਨੀ ਅਮਰੀਕ ਸਿੰਘ ਰਾਠੌਰ ਜਨ ਸਕਤੀ ਨਿਉਜ ਪੰਜਾਬ,ਹਰਜੀਤ ਸਿੰਘ ਸਰਪੰਚ, ਪ੍ਰਭਜੋਤ ਸਿੰਘ ਮੋਹੀ, ਕੁਲਵੰਤ ਸਿੰਘ ਭਿੰਡਰ, ਸੁਖਦੇਵ ਸਿੰਘ ਔਜਲਾ, ਬਲਵਿੰਦਰ ਸਿੰਘ ਪੱਟੀ , ਸੁਖਦੇਵ ਸਿੰਘ ਗਰੇਵਾਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |