ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁਕਵੀਂ ਸਪਲਾਈ ਲਈ ਪ੍ਰਸ਼ਾਸਨ ਵਚਨਬੱਧ-ਡੀ. ਸੀ ਉੱਪਲ

ਜ਼ਾਬਤੇ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ਜ਼ਿਲਾ ਵਾਸੀ-ਐਸ. ਐਸ. ਪੀ. ਵਿਰਕ
ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਈ ਸਾਂਝੀ ਮੀਟਿੰਗ
ਲੋਕ ਹਿੱਤ ਵਿਚ ਚੁੱਕੇ ਗਏ ਕਦਮਾਂ ਦਾ ਲਿਆ ਜਾਇਜ਼ਾ
ਕਰਫਿਊ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਹੋਇਆ ਵਿਚਾਰ-ਵਟਾਂਦਰਾ
ਕਪੂਰਥਲਾ, ਮਾਰਚ 2020 - (ਹਰਜੀਤ ਸਿੰਘ ਵਿਰਕ)-

ਨੋਵਲ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲੇ ਵਿਚ ਲਗਾਏ ਗਏ ਕਰਫਿਊ ਦੌਰਾਨ ਲੋਕ ਹਿੱਤ ਵਿਚ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ ਹੋਈ। ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਵਿਚ  ਕਰਫਿਊ  ਦੌਰਾਨ ਜ਼ਿਲਾ ਵਾਸੀਆਂ ਨੂੰ ਕਿਸੇ ਵੀ ਤਰਾਂ ਦੀਆਂ ਦਰਪੇਸ਼ ਦਿੱਕਤਾਂ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਲਈ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜ਼ਿਲੇ ਵਿਚ ਕਰਫਿੳੂ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁਕਵੀਂ ਤੇ ਨਿਰੰਤਰ ਸਪਲਾਈ ਯਕੀਨੀ ਲਈ ਪ੍ਰਸ਼ਾਸਨ ਵਚਨਬੱਧ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਬਾਹਰ ਨਾ ਆਉਣ। ਉਨਾਂ ਕਿਹਾ ਕਿ ਕਰਫਿੳੂ ਦੌਰਾਨ ਜੋ ਲੋੜੀਂਦੀਆਂ ਛੋਟਾਂ ਦਿੱਤੀਆਂ ਗਈਆਂ ਹਨ, ਉਹ ਘਰੋ-ਘਰੀ ਸਪਲਾਈ ਦੇਣ ਲਈ ਦਿੱਤੀਆਂ ਗਈਆਂ ਹਨ ਨਾ ਕਿ ਦੁਕਾਨਾਂ ਆਦਿ ’ਤੇ ਜਾ ਕੇ ਖ਼ਰੀਦਦਾਰੀ ਕਰਨ ਲਈ। ਉਨਾਂ ਇਹ ਵੀ ਦੱਸਿਆ ਕਿ ਜ਼ਿਲੇ ਵਿਚ ਟੀਮਾਂ ਦਾ ਗਠਨ ਕਰਕੇ ਗਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਭੋਜਨ ਮੁਹੱਈਆ ਕਰਵਾਉਣ ਦੇ ਵੀ ਉਪਰਾਲੇ ਕੀਤੇ ਗਏ ਹਨ, ਜਿਸ ਵਿਚ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਇਸ ਔਖੀ ਘੜੀ ਵਿਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਲੇਬਰ ਦੀ ਮਾਈਗ੍ਰੇਸ਼ਨ ਨੂੰ ਦੇਖਦਿਆਂ ਉਨਾਂ ਲਈ ਸ਼ੈਲਟਰ ਹਾਊਸ ਬਣਾਉਣ ਦੀ ਵੀ ਹਦਾਇਤ ਕੀਤੀ ਅਤੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਕਿਹਾ। ਉਨਾਂ ਅਧਿਕਾਰੀਆਂ ਨੂੰ ਪਿੰਡਾਂ ਵਿਚ ਲੋੜੀਂਦੀਆਂ ਵਸਤਾਂ ਅਤੇ ਬੁਨਿਆਦੀ ਸੇਵਾਵਾਂ ਦੀ ਸਪਲਾਈ ਪੁਖਤਾ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਸਬੰਧੀ ਪੰਜ-ਪੰਜ, ਸੱਤ-ਸੱਤ ਪਿੰਡਾਂ ਦੇ ਕਲੱਸਟਰ ਬਣਾ ਕੇ ਢੁਕਵੀਂ ਸਪਲਾਈ ਕਰਵਾਈ ਜਾਵੇ ਅਤੇ ਇਸ ਦਾ ਸਮੁੱਚਾ ਰਿਕਾਰਡ ਰੱਖਿਆ ਜਾਵੇ। ਉਨਾਂ ਇਹ ਵੀ ਆਦੇਸ਼ ਦਿੱਤੇ ਕਿ ਸਿਹਤ ਸੁਵਿਧਾਵਾਂ ਤੋਂ ਵਾਂਝੇ ਪਿੰਡਾਂ ਦੀ ਲਿਸਟ ਬਣਾ ਕੇ ਉਥੇ ਸਿਹਤ ਵਿਭਾਗ ਦੀ ਮੋਬਾਈਲ ਵੈਨ ਰਾਹੀਂ ਸਿਹਤ ਸੇਵਾਵਾਂ ਦਿੱਤੀਆਂ ਜਾਣ। ਉਨਾਂ ਕਿਹਾ ਕਿ ਇਸ ਕੰਮ ਵਿਚ ਜੀ. ਓ. ਜੀਜ਼ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ। ਉਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਮਾਜਿਕ ਵਿੱਥ ਸਮੇਤ ਸਾਰੇ ਇਹਤਿਆਤਾਂ ਅਤੇ ਸਾਵਧਾਨੀਆਂ ਵਰਤਣ ਅਤੇ ਸੰਜਮ ਤੇ ਅਨੁਸ਼ਾਸਨ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਸਬ-ਡਵੀਜ਼ਨ ਪੱਧਰ ’ਤੇ ਚੁੱਕੇ ਗਏ ਕਦਮਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨੇ ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਇਸ ਔਖੀ ਘੜੀ ਵਿਚ ਆਪਣੀ ਡਿੳੂਟੀ ਤਨਦੇਹੀ ਨਾਲ ਨਿਭਾਉਣ। ਉਨਾਂ ਕਿਹਾ ਕਿ ਜ਼ਿਲੇ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਇਸ ਵੇਲੇ ਸਿਵਲ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਕਰਫਿੳੂ ਉਨਾਂ ਦੇ ਭਲੇ ਲਈ ਲਗਾਇਆ ਗਿਆ ਹੈ, ਇਸ ਲਈ ਉਨਾਂ ਨੂੰ ਜ਼ਾਬਤੇ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਉਮੀਦ ਜ਼ਾਹਿਰ ਕੀਤੀ ਕਿ ਜਿਸ ਤਰਾਂ ਲੋਕਾਂ ਵੱਲੋਂ ਹੁਣ ਤੱਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਸਾਥ ਦਿੱਤਾ ਗਿਆ ਹੈ, ਅੱਗੋਂ ਵੀ ਉਹ ਇਸੇ ਤਰਾਂ ਸਹਿਯੋਗ ਦੇਣਗੇ। ਉਨਾਂ ਕਿਹਾ ਕਿ ਜਲਦ ਹੀ ਅਸੀਂ ਕੋਰੋਨਾ ਵਾਇਰਸ ਨਾਲ ਇਸ ਜੰਗ ਵਿਚ ਜੇਤੂ ਹੋ ਕੇ ਨਿਕਲਾਂਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਐਸ. ਪੀ ਸ. ਮਨਦੀਪ ਸਿੰਘ ਤੇ ਸ. ਮਨਵਿੰਦਰ ਸਿੰਘ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ, ਸ. ਗੁਰਵਿੰਦਰ ਸਿੰਘ ਜੌਹਲ ਤੇ ਸ. ਰਣਦੀਪ ਸਿੰਘ ਹੀਰ, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਮਾਲ ਅਫ਼ਸਰ ਸ. ਪਰਮਜੀਤ ਸਿੰਘ ਸਹੋਤਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ ਤੋਂ ਇਲਾਵਾ ਜ਼ਿਲੇ ਦੇ ਸਮੂਹ ਡੀ. ਐਸ. ਪੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :-ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਤੇ ਹੋਰ।