ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ  ਵਲੋਂ ਕੋਰੋਨਾ ਨਾਲ ਨਜਿੱਠਣ ਲਈ ਮਤਾ ਪਾਸ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਕੋਰੋਨਾ ਨਾਲ ਨਜਿੱਠਣ ਲਈ ਸ਼ਾਂਤੀ ਸੈਨਿਕਾਂ ਦੇ ਬਚਾਅ ਤੇ ਸੁਰੱਖਿਆ ਲਈ ਪਾਸ ਕੀਤਾ ਇਹ ਸੰਕਲਪ

ਸੰਯੁਕਤ ਰਾਸ਼ਟਰ, ਮਾਰਚ 2020 -(ਏਜੰਸੀ)-

ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਸਰਬਸੰਮਤੀ ਨਾਲ ਸੰਕਲਪ 2518 ਪਾਸ ਕੀਤਾ ਹੈ। ਯੂਐੱਨਐੱਸਸੀ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਸੰਕਲਪ ਪਾਸ ਕੀਤਾ ਹੈ। ਯੂਐੱਨਐੱਸਸੀ ਨੇ ਇਸ ਤਰ੍ਹਾਂ ਦਾ ਸੰਕਲਪ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਸੰਕਟ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਹੈ। ਇਹ ਸੰਕਲਪ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਤਾਇਨਾਤ ਸ਼ਾਂਤੀ ਸੈਨਿਕਾਂ ਦੀ ਕੋਰੋਨਾ ਤੋਂ ਬਚਾਅ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਦੀ ਕੋਸ਼ਿਸ਼ ਕਰਦਾ ਹੈ।

95,000 ਤੋਂ ਜ਼ਿਆਦਾ ਸ਼ਾਂਤੀ ਸੈਨਿਕਾਂ ਦੀ ਤਾਇਨਾਤੀ

ਯੂਐੱਨਐੱਸਸੀ ਅਨੁਸਾਰ 72 ਸਾਲਾਂ ਤੋਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮੁਹਿੰਮਾਂ ਨੇ ਦੁਨੀਆ ਦੇ ਚਲੰਤ ਮੁੱਦਿਆਂ ਦੇ ਰਾਜਨੀਤਕ ਹੱਲ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੰਗਠਨ ਅਨੁਸਾਰ ਮੌਜੂਦਾ ਸਮੇਂ ਦੁਨੀਆਭਰ 'ਚ 95,000 ਤੋਂ ਜ਼ਿਆਦਾ ਸ਼ਾਂਤੀ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਯੂਐੱਨਐੱਸਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਆਪ੍ਰੇਸ਼ਨਾਂ 'ਚ ਸ਼ਾਂਤੀ ਸੈਨਿਕਾਂ ਦੀਆਂ ਚੁਣੌਤੀਆਂ ਲਗਾਤਾਰ ਵਧ ਰਹੀਆਂ ਹਨ। ਰਵਾਇਤੀ ਤੇ ਗ਼ੈਰ-ਰਵਾਇਤੀ ਸੁਰੱਖਿਆ ਕਾਰਕਾਂ ਨਾਲ ਸ਼ਾਂਤੀ ਸੈਨਿਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰੇ ਸਨ। ਅਜਿਹੇ ਵਿਚ ਇਹ ਫ਼ੈਸਲਾ ਲੈਣਾ ਜ਼ਰੂਰੀ ਸੀ। ਸੰਗਠਨ ਨੇ ਕਿਹਾ ਕਿ ਇਹ ਸਾਲ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਤੇ ਇਸ ਦੇ ਸੰਚਾਲਨ ਲਈ ਮਹੱਤਵਪੂਰਨ ਵਰ੍ਹਾ ਹੈ।

ਚੀਨ ਨੇ ਪੇਸ਼ ਕੀਤਾ ਇਹ ਪ੍ਰਸਤਾਵ

ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ ਯੂਐੱਨਐੱਸਸੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸ਼ਾਂਤੀ ਸੈਨਿਕਾਂ ਦੇ ਬਚਾਅ ਤੇ ਸਰੁੱਖਿਆ ਸਬੰਧੀ ਇਹ ਪਹਿਲਾ ਪ੍ਰਸਤਾਵ ਹੈ। ਨਿਊਜ਼ ਏਜੰਸੀ ਮੁਤਾਬਿਕ ਯੂਐੱਨਐੱਸਸੀ ਨੇ ਕਿਹਾ ਕਿ ਚੀਨ ਵੱਲੋਂ ਸਪਾਂਸਰ ਇਸ ਮਤੇ ਦਾ ਇਟਲੀ, ਕਜ਼ਾਕਿਸਤਾਨ, ਪਾਕਿਸਤਾਨ, ਦੱਖਣੀ ਅਫ਼ਰੀਕਾ, ਰੂਸ, ਸਪੇਨ, ਤੁਰਕੀ ਤੇ ਵੀਅਤਨਾਮ ਸਮੇਤ 43 ਦੇਸ਼ ਸਹਿ-ਸਪਾਂਸਰ ਸਨ।

ਸਿਖਲਾਈ, ਸਿਹਤ, ਤਕਨੀਕ ਤੇ ਹਿੱਸੇਦਾਰੀ ਵਰਗੇ ਅਹਿਮ ਖੇਤਰਾਂ ਨੂੰ ਕੀਤਾ ਗਿਆ ਸ਼ਾਮਲ

ਇਸ ਵਿਚ ਸਿਖਲਾਈ, ਸਿਹਤ, ਤਕਨੀਕੀ ਤੇ ਹਿੱਸੇਦਾਰੀ ਵਰਗੇ ਅਹਿਮ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਕਸਦ ਸਿਖਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਸਿਹਤ ਸੁਰੱਖਿਆ ਤੇ ਰਾਹਤ ਸਮਰੱਥਾਵਾਂ 'ਚ ਸੁਧਾਰ ਕਰਨਾ ਸ਼ਾਮਲ ਹੈ। ਮੇਜ਼ਬਾਨ ਦੇਸ਼ਾਂ ਨਾਲ ਸੰਚਾਰ ਨੂੰ ਹੋਰ ਮਜ਼ਬੂਤ ਕਰਨ ਨਾਲ ਆਪਸੀ ਵਿਸ਼ਵਾਸ ਦਾ ਨਿਰਮਾਣ ਕਰਨਾ ਹੈ। ਇਸ ਦੇ ਨਾਲ ਸ਼ਾਂਤੀ ਮਿਸ਼ਨ ਦੇ ਤਾਲਮੇਲ ਤੰਤਰ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ।