ਬ੍ਰਿਟੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਵੱਲੋਂ ਮੋਦੀ ਨੂੰ ਜਹਾਜ਼ ਦਾ ਪ੍ਰਬੰਧ ਕਰਵਾਉਣ ਦੀ ਅਪੀਲ 

ਲੰਡਨ,ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਬ੍ਰਿਟੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਹਾਜ਼ ਦਾ ਪ੍ਰਬੰਧ ਕਰਵਾਉਣ ਦੀ ਅਪੀਲ ਕੀਤੀ ਹੈ। ਕਰੀਬ 380 ਭਾਰਤੀ ਵਿਦਿਆਰਥੀਆਂ ਨੇ ਭਾਰਤ ਸਰਕਾਰ ਨੂੰ ਸਾਂਝੀ ਅਪੀਲ ਕਰਨ ਲਈ ਹੀ ਆਪਣੇ ਪਾਸਪੋਰਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਵਿਚ ਕੇਰਲ ਦੇ ਮਰੀਨ ਇੰਜੀਨੀਅਰਾਂ ਦਾ ਇਕ ਗਰੁੱਪ ਵੀ ਸ਼ਾਮਲ ਹੈ ਜਿਸ ਨੂੰ ਇਸ ਹਫ਼ਤੇ ਆਪਣੀਆਂ ਪ੍ਰੀਖਿਆਵਾਂ ਦੇਣ ਪਿੱਛੋਂ ਭਾਰਤ ਪਰਤਣਾ ਸੀ। ਭਾਰਤ ਨੇ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ 16 ਅਪ੍ਰੈਲ ਤਕ ਜਹਾਜ਼ ਸੇਵਾਵਾਂ 'ਤੇ ਪਾਬੰਦੀ ਲਗਾ ਰੱਖੀ ਹੈ।

ਐੱਨਵਾਈਕੇ ਸ਼ਿਪ ਮੈਨੇਜਮੈਂਟ ਵਿਚ ਫਸਟ ਇੰਜੀਨੀਅਰ ਅਖਿਲ ਧਰਮਰਾਜ ਨੇ ਕਿਹਾ ਕਿ ਸਾਡੀਆਂ 23 ਅਤੇ 24 ਮਾਰਚ ਨੂੰ ਪ੍ਰੀਖਿਆਵਾਂ ਹੋਣੀਆਂ ਸਨ। 23 ਤਰੀਕ ਨੂੰ ਪ੍ਰੀਖਿਆ ਕੇਂਦਰ ਵਿਚ ਪ੍ਰਸ਼ਨ ਪੱਤਰ ਮਿਲਣ ਪਿੱਛੋਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ ਭਾਰਤ ਨੇ ਵੀ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ। ਅਸੀਂ ਅਪਾਰਟਮੈਂਟ ਅਤੇ ਹੋਸਟਲ ਵਿਚ ਅਲੱਗ-ਅਲੱਗ ਰਹਿ ਰਹੇ ਹਾਂ। ਸਾਡੇ ਕੋਲ ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਵੀ ਨਹੀਂ ਹਨ ਜਿਸ ਕਾਰਨ ਸਾਨੂੰ ਸਾਰਿਆਂ ਨੂੰ ਇਸ ਜਾਨਲੇਵਾ ਵਾਇਰਸ ਦੇ ਸੰਪਰਕ ਵਿਚ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ ਕੋਚੀਨ ਏਅਰਪੋਰਟ ਤੋਂ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਸਿਡਨੀ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਜਹਾਜ਼ ਉਤਰਿਆ ਹੈ। ਭਾਰਤੀਆਂ ਨੂੰ ਹੋਰ ਦੇਸ਼ਾਂ ਤੋਂ ਕੱਢਿਆ ਜਾ ਰਿਹਾ ਹੈ ਪ੍ਰੰਤੂ ਪਤਾ ਨਹੀਂ ਸਾਨੂੰ ਕਿਉਂ ਛੱਡ ਦਿੱਤਾ ਗਿਆ।

ਜੌਨਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਅਪੀਲ

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦੇਸ਼ ਦੇ ਤਿੰਨ ਕਰੋੜ ਪਰਿਵਾਰਾਂ ਨੂੰ ਪੱਤਰ ਲਿਖ ਕੇ ਘਰ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇੰਸਟਾਗ੍ਰਾਮ 'ਤੇ ਪੋਸਟ ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਚੀਜ਼ਾਂ ਬਿਹਤਰ ਹੋਣ ਤੋਂ ਪਹਿਲੇ ਖ਼ਰਾਬ ਹੋਣਗੀਆਂ ਪ੍ਰੰਤੂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਜ਼ਿਆਦਾ ਅਸੀਂ ਨਿਯਮਾਂ ਦਾ ਪਾਲਣ ਕਰਾਂਗੇ ਉੱਨਾ ਹੀ ਘੱਟ ਨੁਕਸਾਨ ਹੋਵੇਗਾ ਅਤੇ ਜਲਦੀ ਹੀ ਜੀਵਨ ਆਮ ਵਾਂਗ ਹੋ ਜਾਵੇਗਾ। ਮੈਂ ਜਾਣਦਾ ਹਾਂ ਕਿ ਪਾਬੰਦੀਆਂ ਕਾਰਨ ਤੁਹਾਨੂੰ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ। ਇਨਫੈਕਸ਼ਨ ਦਾ ਪਤਾ ਚੱਲਣ ਪਿੱਛੋਂ ਜੌਨਸਨ ਆਈਸੋਲੇਸ਼ਨ ਵਿਚ ਹਨ।