ਸਾਹਿਤ ਦੀਆਂ ਸੰਧਲੀ ਪੈੜਾਂ – ਵੀਤ ਬਾਦਸ਼ਾਹਪੁਰੀ

ਪੰਜਾਬੀ ਸਾਹਿਤ ਵਿੱਚ ਨਿਰੰਤਰ ਲਿਖਿਆ ਜਾ ਰਿਹਾ ਹੈ ਅਤੇ ਵਿਰਲੇ ਹੀ ਸਾਹਿਤਕਾਰ ਹਨ ਜੋ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਕਲਮ ਰਾਹੀਂ
ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ। ਪੰਜਾਬੀ ਸਾਹਿਤ ਦੀ ਜ਼ਮੀਨ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਦਾ ਨੌਜਵਾਨ ਕਵੀ ਵੀਤ
ਬਾਦਸ਼ਾਹਪੁਰੀ ਵੀ ਕਈ ਸਾਲਾਂ ਤੋਂ ਬੀਜ ਬੋਅ ਰਿਹਾ ਹੈ, ਜੋ ਉਹਨਾਂ ਨੂੰ ਪੜ੍ਹਣ ਵਾਲਿਆਂ ਦੇ ਸਿੱਧਾ ਦਿਲ ਤੇ ਪੁੰਗਰਦੇ ਹਨ।
ਪਿਤਾ ਸ੍ਰ. ਦਲਬਾਰਾ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ 29 ਮਾਰਚ 1986 ਨੂੰ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮੇ ਜਸਵੀਰ
ਸਿੰਘ ਖੰਗੂੜਾ (ਸ਼ੀਰਾ) ਜਾਣੀ ਵੀਤ ਬਾਦਸ਼ਾਹਪੁਰੀ ਭੈਣ ਸੰਦੀਪ ਕੌਰ ਅਤੇ ਭਰਾ ਰਣਜੀਤ ਸਿੰਘ ਤੋਂ ਵੱਡੇ ਹਨ। ਪ੍ਰਾਇਮਰੀ ਸਿੱਖਿਆ ਪਿੰਡ ਦੇ
ਸਰਕਾਰੀ ਸਕੂਲ ਅਤੇ ਅੱਗੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਨੇੜਲੇ ਪਿੰਡ ਘਨੌਰੀ ਕਲਾਂ ਤੋਂ ਪ੍ਰਾਪਤ ਕੀਤੀ। ਦੇਸ਼ ਭਗਤ ਕਾਲਜ, ਬਰੜ੍ਹਵਾਲ ਤੋਂ
ਗ੍ਰੈਜੂਏਸ਼ਨ, ਮਸਤੂਆਣਾ ਸਾਹਿਬ ਤੋਂ ਬੀ.ਐੱਡ ਕੀਤੀ। ਉਹਨਾਂ ਨੇ ਉੱਚ ਸਿੱਖਿਆ ਵਿੱਚ ਐੱਮ.ਏ.(ਰਾਜਨੀਤੀ ਸ਼ਾਸਤਰ) ਸਰਕਾਰੀ ਰਣਬੀਰ
ਕਾਲਜ, ਸੰਗਰੂਰ ਤੋਂ ਐੱਮ.ਏ. ਪੰਜਾਬੀ ਅਤੇ ਹਿਸਟਰੀ ਪ੍ਰਾਈਵੇਟ ਕੀਤੀ। ਕੁਝ ਵਰ੍ਹੇ ਪ੍ਰਾਈਵੇਟ ਸਕੂਲ ਵਿੱਚ ਬਤੌਰ ਪੰਜਾਬੀ ਅਧਿਆਪਕ ਪੜ੍ਹਾਉਂਦੇ
ਰਹੇ।
ਵੀਤ ਬਾਦਸ਼ਾਹਪਰੀ ਕਦ ਅੰਮ੍ਰਿਤਾ ਪ੍ਰੀਤਮ, ਪਾਸ਼ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦਾ-ਪੜ੍ਹਦਾ ਅਤੇ ਦੇਬੀ ਮਖਸੂਸਪੁਰੀ, ਰਾਜ ਬਰਾੜ ਅਤੇ
ਸ਼ੀਰਾ ਜਸਵੀਰ ਨੂੰ ਸੁਣਦਾ-ਸੁਣਦਾ ਲਿਖਣ ਦੇ ਰਾਹੇ ਪੈ ਗਿਆ, ਪਤਾ ਹੀ ਨਹੀਂ ਲੱਗਿਆ। ਵੀਤ ਬਾਦਸ਼ਾਹਪੁਰੀ ਦੀ ਕਲਮ ਤੋਂ ਕਵਿਤਾ, ਗੀਤ,
ਗਜ਼ਲਾਂ ਅਤੇ ਸ਼ੇਅਰਾਂ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ। ਵੀਤ ਬਾਦਸ਼ਾਹਪੁਰੀ ਆਪਣੇ ਮਿੱਤਰਾਂ ਸਵਰਨ, ਸੁੱਖੀ, ਸੁਖਪਾਲ, ਰਣਜੀਤ ਸੇਠੀ,
ਜਸਵੀਰ ਕਣਕਵਾਲਾ ਅਤੇ ਭੀਮੇ ਦੀ ਹੱਲਾਸ਼ੇਰੀ ਕਰਕੇ ਆਪਣੀਆਂ ਰਚਨਾਵਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਪਾਠਕਾਂ ਦੀ ਝੋਲੀ ਪਾ ਸਕਿਆ। ਉਸ ਦੇ
ਗੀਤ ਅਤੇ ਸ਼ੇਅਰਾਂ ਨੂੰ ਸ਼ੀਰਾ ਜਸਵੀਰ ਨੇ ਆਪਣੀ ਐਲਬਮ ਸ਼ੀਰਾ ਜਸਵੀਰ ਲਾਇਵ-2 ਵਿੱਚ ਸ਼ਾਮਿਲ ਵੀ ਕੀਤਾ ਅਤੇ ਆਗਾਮੀ ਲਾਇਵ-3 ਵਿੱਚ
ਵੀ ਉਸਦੀਆਂ ਰਚਨਾਵਾਂ ਸੁਣਨ ਨੂੰ ਮਿਲਣੀਆਂ।
ਜੂਨ 2009 ਵਿੱਚ ਵੀਤ ਬਾਦਸ਼ਾਹਪੁਰੀ ਦੀ ਪਹਿਲੀ ਕਿਤਾਬ ‘ਤਾਰਿਆਂ ਤੋਂ ਪਾਰ’ ਲੋਕਗੀਤ ਪ੍ਰਕਾਸ਼ਨ ਤੋਂ ਪ੍ਰਕਾਸ਼ਿਤ ਹੋਈ, ਇਹ ਕਿਤਾਬ
ਰੁਮਾਂਸਵਾਦੀ ਪ੍ਰਵਿਰਤੀ ਕਰਕੇ ਨੌਜਵਾਨਾਂ ਦੀ ਖਿੱਚ ਦਾ ਕਾਰਨ ਬਣੀ। ਮਾਰਕਸਵਾਦ ਤੋਂ ਪ੍ਰਭਾਵਿਤ ਹੱਕਾਂ ਲਈ ਲੜਨ ਦਾ ਹੋਕਾਂ ਦਿੰਦੀ ਵੀਤ
ਬਾਦਸ਼ਾਹਪੁਰੀ ਦੀ ਦੂਜੀ ਕਿਤਾਬ ਪਾਠਕਾਂ ਦੇ ਹੱਥੀਂ ‘ਸਵੇਰਾ ਦੂਰ ਨਹੀਂ’ ਸੰਗਮ ਪਬਲੀਕੇਸ਼ਨ, ਸਮਾਣਾ ਤੋਂ ਸਾਲ 2013 ਵਿੱਚ ਆਈ।
ਰੁਮਾਂਸਵਾਦੀ ਅਤੇ ਸਮਾਜ ਸੁਧਾਰਾਂ ਦੀ ਗੱਲ ਕਰਦੀ ਵੀਤ ਬਾਦਸ਼ਾਹਪੁਰੀ ਦੀ ਤੀਜੀ ਕਿਤਾਬ ਬੰਜਰ ਗਲਤੀਆਂ 2018 ਵਿੱਚ ਅਨਹਦ
ਪਬਲੀਕੇਸ਼ਨ, ਸੰਗਰੂਰ ਤੋਂ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਈ। ‘ਬੰਜਰ ਗਲਤੀਆਂ’ ਵਿੱਚ ਕਬਿੱਤ, ਕੋਰੜਾ, ਚਪੱਈ ਅਤੇ ਦਵੱਈਆ ਛੰਦ
ਵਿੱਚ ਕੁਝ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ।
ਸਾਲ 2015 ਵਿੱਚ ਸਾਹਿਤ ਦੇ ਖੇਤਰ ਵਿੱਚ ਨੌਜਵਾਨ ਵੀਤ ਬਾਦਸ਼ਾਹਪੁਰੀ ਦੀ ਕਲਮ ਨੂੰ ਹੱਲਾਸ਼ੇਰੀ ਅਤੇ ਤਸਦੀਕ ਕਰਦਿਆਂ ਮਾਲਵਾ ਪਬਲਿਕ
ਲਾਇਬ੍ਰੇਰੀ, ਧੂਰੀ ਤਰਫੋਂ ਸਨਮਾਨਿਤ ਵੀ ਕੀਤਾ ਗਿਆ। ਅੱਜ ਕੱਲ੍ਹ ਵੀਤ ਬਾਦਸ਼ਾਹਪੁਰੀ ਆਪਣੇ ਪਿੰਡ ਦੇ ਇਤਿਹਾਸ ਤੇ ਕੰਮ ਕਰ ਰਿਹਾ ਹੈ ਅਤੇ
ਆਪਣੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਨੂੰ ‘ਇੱਕ ਹੋਰ ਅਲਵਿਦਾ’ ਸਿਰਲੇਖ ਹੇਠ ਕਿਤਾਬ ਰੂਪੀ ਪਾਠਕਾਂ ਦੀ ਝੋਲੀ ਪਾਉਣ ਦੀ ਤਿਆਰੀ ਵਿੱਚ
ਹੈ। ਇਹ ਕਹਿਣਾ ਕੋਈ ਅੱਤਕੱਥਨੀ ਨਹੀਂ ਕਿ ਨੌਜਵਾਨਾਂ ਦਾ ਸਾਹਿਤ ਨਾਲ ਜੁੜ੍ਹਨਾ ਚੰਗਾ ਰੁਝਾਨ ਹੈ, ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ
ਲਈ ਸੋਨੇ ਤੇ ਸੁਹਾਗੇ ਵਾਲਾ ਹੋ ਨਿਬੜੇਗਾ।
ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)