ਅੰਤਰਰਾਸ਼ਟਰੀ ਮਹਿਲਾ ਦਿਵਸ ਤੇ

ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਉਸਤੋਂ ਬਾਅਦ 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ 'ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸਤੋਂ ਬਾਅਦ ਇਹ ਦਿਨ 8 ਮਾਰਚ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਣ ਲੱਗ ਪਿਆ। ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਲਈ ਸਮੇਂ-ਸਮੇਂ 'ਤੇ ਸਰਕਾਰਾਂ ਕਈ ਤਰ੍ਹਾਂ ਦੇ ਐਲਾਨ ਕਰਦੀਆਂ ਹਨ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਔਰਤਾਂ ਲਈ ਰਿਜ਼ਰਵੇਸ਼ਨ ਵਰਗੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਖੜ੍ਹੇ ਕਰਨ ਲਈ ਭਾਵੇਂ ਲੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਔਰਤ ਦੀ ਦਸ਼ਾ ਪਹਿਲਾਂ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਕਹੀ ਜਾ ਸਕਦੀ। ਇਹ ਠੀਕ ਹੈ ਕਿ ਪੜ੍ਹਾਈ ਦੇ ਖੇਤਰ ਵਿਚ ਅੱਗੇ ਵਧ ਕੇ ਔਰਤ ਮਰਦਾਂ ਦੇ ਬਰਾਬਰ ਕਈ ਖੇਤਰਾਂ ਵਿਚ ਪਹੁੰਚ ਗਈ ਹੈ। ਪਰ ਇਸਦੇ ਨਾਲ ਹੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਔਰਤ ਭਾਵੇਂ ਕਿਸੇ ਵੀ ਰੁਤਬੇ 'ਤੇ ਕਿਉਂ ਨਾ ਪਹੁੰਚ ਗਈ ਹੋਵੇ ਪਰ ਘਰ ਦੇ ਚੌਂਕੇ ਵਿਚ ਉਸਦੀ ਉਹੀ ਪੁਜੀਸ਼ਨ ਹੈ ਜੋ ਪੁਜੀਸ਼ਨ ਸਦੀਆਂ ਪਹਿਲਾਂ ਹੁੰਦੀ ਸੀ। ਹੇਠਾਂ ਤੋਂ ਲੈ ਕੇ ਉੱਪਰ ਤੱਕ ਰਾਜਨੀਤਿਕ ਪੱਧਰ 'ਤੇ ਵੋਟ ਰਾਜ ਵਿਚ ਵੋਟਾਂ ਰਾਹੀਂ ਚੁਣ ਕੇ ਪਹੁੰਚੀਆਂ ਔਰਤਾਂ ਦੀ ਥਾਂ ਵੀ ਉਨ੍ਹਾਂ ਦੇ ਪਤੀ, ਭਰਾ ਜਾਂ ਪੁੱਤ ਹੀ ਨੁਮਾਇੰਦਗੀ ਕਰਦੇ ਦੇਖੇ ਜਾ ਸਕਦੇ ਹਨ। ਅੱਜ ਅਸੀਂ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ। ਇਸ ਦਿਵਸ ਦੇ ਮਾਅਨਿਆਂ ਬਾਰੇ ਦੇਸ਼ ਵਿਚ 80% ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਦਿਨ ਉਨ੍ਹਾਂ ਦਾ ਵੀ ਹੁੰਦਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀਆਂ ਔਰਤਾਂ ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਕਿਸੇ ਦੇ ਘਰ ਗੋਹਾ ਕੂੜਾ ਕਰਨ ਵਾਲੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀ ਮਹਿਲਾ 'ਦਿਆਲੋ ' ਗੰਦਗੀ ਦੇ ਢੇਰਾਂ ਤੋਂ ਕਾਗਜ਼ ਚੁਗ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀ ਸ਼ੀਲੋ ਨਾਲ ਜਦੋਂ ਮਹਿਲਾ ਦਿਵਸ ਸੰਬੰਧੀ ਗੱਲ ਕੀਤੀ ਤਾਂ  ਉਨ੍ਹਾਂ ਨੇ ਕਿਹਾ ' ਭਾਈ ਇਹ ਮਹਿਲਾ ਦਿਵਸ ਕੀ ਹੁੰਦਾ ਹੈ ' ਸਾਨੂੰ ਕਿਹੜਾ ਕਿਸੇ ਨੇ ਰੋਟੀ ਦੇ ਜਾਣੀ ਹੈ, ਸਾਨੂੰ ਤਾਂ ਪੇਟ ਪਾਲਣ ਲਈ ਮਿਹਨਤ ਮਜ਼ਦੂਰੀ ਕਰਨੀ ਹੀ ਪੈਣੀ ਹੈ। ' ਇਹ ਤਾਂ ਵੱਡੇ ਲੋਕਾਂ ਦੇ ਚੋਜ਼ ਹਨ। '' ਸਮਾਜ ਵਿਚ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ' ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ '' ਸਲੋਕ ਦਾ ਉਚਾਰਨ ਕਰਕੇ ਬਰਾਬਰ ਦੇ ਹੱਕ ਪ੍ਰਦਾਨ ਕਰਨ ਦਾ ਨਾਅਰਾ ਮਾਰਿਆ ਸੀ। ਉਸਤੋਂ ਬਾਅਦ ਔਰਤ ਦੀ ਦਸ਼ਾ ਅੱਜ ਤੱਕ ਬਹੁਤ ਬਿਹਤਰੀ ਵਾਲੀ ਸਥਿਤੀ ਵਿਚ ਤਾਂ ਪਹੁੰਚਤ ਗਈ ਹੈ ਪਰ ਅਜੇ ਵੀ ਇਸਤਰੀ ਜਾਤੀ ਲਈ ਕੰਮ ਕਰਨ ਦੀ ਬਹੁਤ ਜਰੂਰਤ ਹੈ। ਅੱਜ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਸੀਂ ਸਰਕਾਰੀ ਪੱਧਰ 'ਤੇ ਹਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਜਿਹੇ ਸਮਾਗਮ ਸਿਰਫ ਕਾਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ ਜਿੰਨਾਂ ਵਿਚ ਔਰਤਾਂ ਦੀ ਬਿਹਕਰੀ ਲਈ ਵੱਡੇ-ਵੱਡੇ ਨੇਤਾ ਲੋਕ ਅਤੇ ਅਫਸਰਸ਼ਾਹੀ ਲੰਬੇ-ਲੰਬੇ ਭਾਸ਼ਣ ਦੇ ਕੇ ਆਪਣੀ ਡਿਊਟੀ ਦੇ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰਦੇ ਹੋਏ ਤੁਰ ਜਾਂਦੇ ਹਨ ਅਤੇ ਅਿਜਹੇ ਦਿਵਸਾਂ ਵਿਚ ਔਰਤਾਂ ਦੀ ਬਿਹਤਰੀ ਲਈ ਸਾਰਥਕ ਤੌਰ 'ਤੇ ਕੁਝ ਵੀ ਨਹੀਂ ਹੁੰਦਾ। ਇਹ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਚਲਦਾ ਆਇਆ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਾਲ ਹੀ ਚਲਦਾ ਰਹੇਗਾ। ਅਜਿਹੇ ਦਿਵਸ ਮਨਾਂ ਕੇ ਉਨ੍ਹਾਂ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਉਸ ਰਾਸ਼ੀ ਨੂੰ ਸੱਚ-ਮੁੱਚ ਹੀ ਔਰਤਾਂ ਦੀ ਬਿਹਤਰੀ ਲਈ ਖਰਚ ਕੀਤਾ ਜਾਵੇ ਅਤੇ ਸਾਰਥਕ ਤੌਰ 'ਤੇ ਔਰਤਾਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਾਰਜ ਕੀਤੇ ਜਾਣ ਤਾਂ ਜੋ ਗੰਦਗੀ ਦੇ ਢੇਰਾਂ ਵਿਚੋਂ ਗੰਦੇ ਕਾਗਜ਼ ਚੁਗ ਕੇ ਜਾਂ ਹੋਰ ਘਟੀਆ ਪੱਧਰ ਦੀ ਮਜ਼ਦੂਰੀ ਕਰਨ ਵਾਲੀਆਂ ਕਰੋੜਾਂ ਔਰਤਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਵਾਈ ਜਾ ਸਕੇ।

ਸ ਇਕਬਾਲ ਸਿੰਘ ਰਸੂਲਪੁਰ

88722-00515