ਭਾਰਤੀ ਕਿਸਾਨ ਯੂਨੀਅਨ ੲੇਕਤਾ ( ਡਕੌਂਦਾ) ਦੀ ਬਲਾਕ ਪੱਧਰੀ ਮੀਟਿੰਗ ਹੋਈ ।

ਕੁਰੜ ਦੀ ਸਵਰਨਜੀਤ ਕੌਰ ਤੇ ਜਸਵਿੰਦਰ ਸਿੰਘ  ਬਣੇ  ਇਕਾਈ ਦੇ ਪ੍ਰਧਾਨ ।

ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪਿੰਡ ਇਕਾਈ ਕੁਰੜ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਈ । ਮੀਟਿੰਗ ਦੌਰਾਨ ਔਰਤਾਂ ਦੀ ਪਿੰਡ ਇਕਾਈ ਵਾਲੀ ਗਿਆਰਾਂ ਮੈਂਬਰੀ  ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਮੀਟਿੰਗ ਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ  ੲੇਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਇਆ ਹੋਇਆ ਖੁਦਕੁਸ਼ੀਆਂ ਕਰ ਰਿਹਾ ਹੈ,  ਕਿਉਂਕਿ ਚੋਣਾਂ ਸਮੇਂ ਪੰਜਾਬ ਅਤੇ ਕੇਂਦਰ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ  ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਨਬਿਨ ਲਾਗੂ ਕੀਤੀ ਜਾਵੇਗੀ । ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਲੋਕ  ਪੱਖੀ ਫੈਸਲੇ ਲੈਣ ਦੀ ਬਜਾਏ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਪੰਜਾਬ ਦਾ ਕਿਸਾਨ ਦੇ ਆਮ ਲੋਕ ਕਰਜ਼ੇ ਦੇ ਮੱਕੜ ਜਾਲ ਚ ਫਸ ਰਹੇ ਹਨ । ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ   ਪਾਣੀ ਬਚਾਉਣ ਦਾ ਨਾਮ  ਵਰਤ ਕੇ ਪੂਸਾ 44 ਤੇ ਪਾਬੰਦੀ ਲਾਉਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ।ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਕਰਨ ਤੋਂ ਵੀ ਆਨੀ ਬਹਾਨੇ ਟਾਲਾ ਵੱਟਿਆ ਜਾ ਰਿਹਾ ਹੈ । ਜੇਕਰ ਸਰਕਾਰ ਸੱਚਮੁੱਚ ਹੀ ਫਸਲਾਂ ਦਾ ਬਦਲਾਅ ਚਾਹੁੰਦੀ ਹੈ ਤਾਂ ਦੂਜੀਆਂ ਫ਼ਸਲਾਂ ਦਾ ਵਾਜਬ ਭਾਅ  ਦੇ ਕੇ  ਖਰੀਦ ਕਰਨ ਦੀ ਗਾਰੰਟੀ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੋਰ ਵੀ ਭਖਵੀਆਂ ਮੰਗਾਂ ਦਾ ਠੋਸ ਹੱਲ ਕੀਤਾ ਜਾਵੇ ।ਜਿਵੇਂ ਕਿ ਆਵਾਰਾ ਪਸ਼ੂ ਜੋ ਸਾਡੀਆਂ ਫ਼ਸਲਾਂ ਦਾ ਜਿੱਥੇ ਉਜਾੜਾ ਕਰਦੇ ਹਨ।  ਉੱਥੇ ਐਕਸੀਡੈਂਟਾਂ ਦਾ ਕਾਰਨ ਬਣ ਕੇ ਹਰ ਰੋਜ਼ ਸੈਂਕੜੇ ਲੋਕ ਮੌਤ ਦੇ ਮੂੰਹ ਚ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਤੇ ਕਾਬਜ਼ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਤੇ ਕੁਰਕੀ ਖ਼ਤਮ ਕਰਨਾ ਵਾਅਦਾ ਕੀਤਾ ਸੀ । ਪਰ ਹੁਣ ਵੀ ਲਗਾਤਾਰ ਕਿਸਾਨਾਂ ਦੀਆਂ ਕੁਰਕੀਆਂ ਦੇ ਫਰਮਾਨ ਆ ਰਹੇ ਹਨ ਅਤੇ ਕੋਰਟਾਂ ਵਿੱਚ ਕਿਸਾਨਾਂ ਤੋਂ ਖ਼ਾਲੀ ਲਏ ਚੈੱਕ ਲਾ ਕੇ ਜੇਲ੍ਹਾਂ ਚ ਤੁੰਨਿਆ  ਜਾ ਰਿਹਾ ਹੈ ।ਸਰਕਾਰ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਸੀ ਏ ਏ ,ਐੱਨ ਪੀ ਆਰ ਅਤੇ ਐੱਨ ਆਰ ਸੀ ਵਰਗੇ  ਕਾਲੇ ਕਾਨੂੰਨ ਲਾਗੂ ਕਰਕੇ ਲੋਕਾਂ ਨੂੰ ਭਰਾ ਮਾਰੂ ਜੰਗ ਵਿੱਚ ਝੋਕਿਆ ਜਾ ਰਿਹਾ ਹੈ ।ਇਸ ਕਾਨੂੰਨ ਦਾ ਵਿਰੋਧ ਕਰ ਰਹੇ  ਲੋਕਾਂ ਦੀ ਤਸੱਲੀ ਕਰਵਾਉਣ ਦੀ ਬਜਾਏ ।ਉਨ੍ਹਾਂ ਨੂੰ ਡੰਡੇ ਦੇ ਜ਼ੋਰ ਤੇ ਦਬਾਇਆ ਜਾ ਰਿਹਾ ਹੈ ,ਜੋ ਕਿ ਬਹੁਤ ਹੀ ਖਤਰਨਾਕ ਲੋਕ ਵਿਰੋਧੀ ਕਾਨੂੰਨ ਹੈ ।ਜੇਕਰ ਸਰਕਾਰ ਨੇ ਇਸ ਨੂੰ ਰੱਦ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਮੀਟਿੰਗ ਉਪਰੰਤ ਪਿੰਡ ਇਕਾਈ ਦੀ ਔਰਤਾਂ ਵਾਲੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ । ਜਿਸ ਵਿੱਚ ਸਵਰਨਜੀਤ ਕੌਰ ਨੂੰ ਪ੍ਰਧਾਨ, ਮੀਤ ਪ੍ਰਧਾਨ ਜਸਵੀਰ ਕੌਰ, ਜਨਰਲ ਸਕੱਤਰ ਹਰਬੰਸ ਕੌਰ, ਸਹਾਇਕ ਸਕੱਤਰ ਅਮਰਜੀਤ ਕੌਰ, ਖ਼ਜ਼ਾਨਚੀ ਮਨਜੀਤ ਕੌਰ ਤੋਂ ਇਲਾਵਾ ਗਿਆਰਾਂ ਮੈਂਬਰੀ  ਕਮੇਟੀ ਦੀ ਚੋਣ ਕੀਤੀ ਗਈ । ਇਸੇ ਤਰ੍ਹਾਂ ਹੀ ਮਰਦਾਂ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਚੋਣ ਕੀਤੀ ਗਈ । ਜਿਸ ਵਿੱਚ ਜਸਵਿੰਦਰ ਸਿੰਘ ਨੂੰ ਪ੍ਰਧਾਨ, ਜੋਰਾ ਸਿੰਘ ਤੇ ਭਜਨ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ ਤੇ ਹਾਕਮ ਸਿੰਘ ਨੂੰ ਜਨਰਲ ਸਕੱਤਰ ,ਹਰਦੀਪ ਸਿੰਘ ਤੇ ਸਾਮਨ ਸਿੰਘ ਨੂੰ ਸਹਾਇਕ ਸਕੱਤਰ, ਜਗਸੀਰ ਸਿੰਘ ਤੇ ਬਲਬੀਰ ਸਿੰਘ ਨੂੰ ਖ਼ਜ਼ਾਨਚੀ   ਦੀ ਚੋਣ ਕੀਤੀ ਗਈ ।ਇਸ ਮੌਕੇ ਚੁਣੇ ਗਏ ਸਾਰੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਸਾਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ।  ਉਸ ਨੂੰ ਅਸੀਂ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ । ਇਸ ਮੌਕੇ ਭਾਗ ਸਿੰਘ ਕੁਰੜ, ਦਰਸ਼ਨ ਸਿੰਘ, ਜਗਪਾਲ ਸਿੰਘ, ਬਚਿੱਤਰ ਸਿੰਘ, ਸਦੀਕ ਖਾਂ, ਹਰਜੀਤ ਸਿੰਘ ਧਾਲੀਵਾਲ, ਸ਼ੰਗਾਰਾ ਸਿੰਘ ,ਚੰਦ ਸਿੰਘ ਸਰਾਂ ,ਜੋਗਿੰਦਰ ਸਿੰਘ ,ਹਰਬੰਸ ਕੌਰ ,ਗੁਰਮੀਤ ਕੌਰ ,ਮਨਜੀਤ ਕੌਰ, ਨਛੱਤਰ ਕੌਰ, ਸਰਬਜੀਤ ਕੌਰ ਅਤੇ ਜਸਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ ।