ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
-ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਟੋਰੰਟੋ ਵੱਸਦੇ ਪੰਜਾਬੀ ਰੇਡੀਓ ਟੀ ਵੀ ਸੜਚਾਰ ਮਾਧਿਅਮ ਦੇ ਮੋਢੀ ਇਕਬਾਲ ਮਾਹਲ ਤੇ ਰੇਡੀਓ ਪੰਜਾਬੀ ਲਹਿਰਾਂ ਦੇ ਮੁੱਖ ਪ੍ਰਬੰਧਕ ਤੇ ਜਗਤ ਪ੍ਰਸਿੱਧ ਢਾਡੀ ਸ: ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ। ਇਕਬਾਲ ਮਾਹਲ ਨੇ ਦੱਸਿਆ ਕਿ ਉਹ 1968 ਚ ਇੰਗਲੈਂਡ ਤੋਂ ਕੈਨੇਡਾ ਚਲੇ ਗਏ ਸਨ ਜਿੱਥੇ ਉਨ੍ਹਾਂ ਕੁਲਦੀਪ ਦੀਪਕ ਨਾਲ ਮਿਲ ਕੇ ਪਹਿਲਾ ਪੰਜਾਬੀ ਰੇਡੀਓ ਆਰੰਭਿਆ। ਬਾਦ ਵਿੱਚ ਉਹ ਟੀ ਵੀ ਪ੍ਰੋਗ੍ਰਾਮ ਕਰਨ ਲੱਗ ਪਏ। ਲੋਕ ਗੀਤਾਂ ਦੀ ਮਹਾਂਰਾਣੀ ਬੀਬੀ ਸੁਰਿੰਦਰ ਕੌਰ, ਸੰਗੀਤ ਸਮਰਾਟ ਸ਼ੌਕਤ ਅਲੀ, ਗ਼ਜ਼ਲ ਸਮਰਾਟ ਜਗਜੀਤ ਸਿੰਘ ਚਿਤਰਾ ਸਿੰਘ, ਗੁਰਦਾਸ ਮਾਨ, ਡਾ: ਸਤਿੰਦਰ ਸਰਤਾਜ ਤੇ ਨੂਰਾਂ ਸਿਸਟਰਜ਼ ਨੂੰ ਕੈਨੇਡਾ ਚ ਪਹਿਲੀ ਵਾਰ ਬੁਲਾ ਕੇ ਸਰੋਤਿਆਂ ਸਨਮੁਖ ਪੇਸ਼ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਹੀ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਚੰਗੀ ਸ਼ਾਇਰੀ ਮੇਰੀ ਕਮਜ਼ੋਰੀ ਹੈ ਅਤੇ ਚੰਗੇ ਕਲਾਮ ਰਾਹੀਂ ਹੀ ਇੰਡੋ ਪਾਕਿ ਦੇ ਬਹੁਤੇ ਸ਼ਾਇਰਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਹਨ। ਸ਼ਬਦ ਦੀ ਸਾਂਝ ਹੀ ਮੇਰੀ ਸ਼ਕਤੀ ਹੈ। ਪੰਜਾਬੀ ਲਹਿਰਾਂ ਰੇਡੀਓ ਟੋਰੰਟੋ ਦੇ ਮੁੱਖ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਕਿਹਾ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸ੍ਵ: ਰਣਜੀਤ ਸਿੰਘ ਸਿੱਧਵਾਂ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦੇ ਉਮਰ ਭਰ ਗਾਇਕ ਸਾਥੀ ਰਹੇ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਮੈਂ ਵੀ ਇਸੇ ਰਾਹ ਤੇ ਤੁਰਿਆ। ਉਨ੍ਹਾਂ ਕਿਹਾ ਕਿ ਮੇਰੇ ਜਨਮ ਦਿਵਸ ਮੌਕੇ ਅੱਜ ਲੋਕ ਵਿਰਾਸਤ ਅਕਾਡਮੀ ਵੱਲੋਂ ਵੱਡੇ ਵੀਰ ਇਕਬਾਲ ਮਾਹਲ ਦੇ ਨਾਲ ਆਦਰ ਮਿਲਣਾ ਮੇਰੀ ਵੱਡੀ ਪ੍ਰਾਪਤੀ ਹੈ। ਇਸ ਮੌਕੇ ਬੋਲਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਕਬਾਲ ਮਾਹਲ ਨੇ ਆਪਣੀਆਂ ਲਿਖਤਾਂ, ਕਲਾਕਾਰਾਂ ਨੂੰ ਸਰਪ੍ਰਸਤੀ ਦੇਣ ਤੋਂ ਇਲਾਵਾ ਬਾਬਾ ਨਜਮੀ ਤੇ ਹੋਰ ਅਨੇਕ ਸ਼ਾਇਰਾਂ ਨੂੰ ਸਰਪ੍ਰਸਤੀ ਦੇ ਕੇ ਬਦੇਸ਼ ਵੱਸਦੇ ਪੰਜਾਬੀਆਂ ਦਾ ਮਾਰਗ ਦਰਸ਼ਨ ਕੀਤਾ ਹੈ। ਇਵੇਂ ਹੀ ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਰਹਿੰਦਿਆਂ ਅਠਵੇਂ ਦਹਾਕੇ ਚ ਪ੍ਰੋ: ਮੋਹਨ ਸਿੰਘ ਮੇਲੇ ਦੇ ਵੀ ਸਹਿਯੋਗੀ ਰਹੇ ਹਨ। ਹੁਣ ਵੀ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਿਰੰਤਰ ਬਿਨ ਤਨੰਖਾਹੋਂ ਸਫੀਰ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਦੋਵੇਂ ਹਸਤੀਆਂ ਮੈਨੂੰ ਉਂਗਲੀ ਫੜ ਤੇ ਤੋਰਨ ਵਾਲੀਆਂ ਅਤੇ ਵਿਸ਼ਵ ਪਛਾਣ ਦਿਵਾਉਣ ਵਿੱਚ ਵੱਡੀਆਂ ਹਿੱਸੇਦਾਰ ਹਨ। ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਉੱਘੇ ਬੈਂਕਰ ਹਰਪਾਲ ਸਿੰਘ ਮਾਂਗਟ, ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਇਸ ਮੌਕੇ ਹਾਜ਼ਰ ਸਨ।