ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਰਦਾਸ

ਬਟਾਲਾ, ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋ ਅੱਜ ਕੌਮਾਂਤਰੀ ਸਰਹੱਦ ’ਤੇ ਬਣੇ ਦਰਸ਼ਨ ਸਥਲ ’ਤੇ ਖਲੋ ਕੇ 218ਵੀਂ ਅਰਦਾਸ ਕੀਤੀ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਏ ਜਾਣ। ਸੰਸਥਾ ਪ੍ਰਧਾਨ ਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਅਤੇ ਜਸਬੀਰ ਸਿੰਘ ਜ਼ਫਰਵਾਲ ਦੀ ਅਗਵਾਈ ਵਿੱਚ ਅੱਜ ਸੰਗਤਾਂ ਦੂਰ ਦੁਰੇਡੇ ਤੋਂ ਅਰਦਾਸ ਵਿਚ ਸ਼ਾਮਲ ਹੋਣ ਲਈ ਡੇਰਾ ਬਾਬਾ ਨਾਨਕ ਪੁੱਜੀਆਂ ਸਨ। ਇਹ ਅਰਦਾਸ ਹਰ ਮੱਸਿਆ ਦੇ ਦਿਹਾੜੇ ’ਤੇ ਕੀਤੀ ਜਾਂਦੀ ਹੈ। ਇਸ ਮੌਕੇ ਸੰਸਥਾ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਂਘੇ ਸਬੰਧੀ ਹੋਣ ਵਾਲੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ, ਕਿਉਂਕਿ ਪਾਕਿਸਤਾਨ ਸਰਕਾਰ ਨੇ ਲੰਘੇ ਦਿਨੀਂ ਤਣਾਅ ਭਰੇ ਮਾਹੌਲ ’ਚ ਆਪਣਾ ਕੰਮ ਨਹੀਂ ਰੁਕਣ ਦਿੱਤਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ 50ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਪਰ ਇੱਧਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਤੋਂ ਲੈਣ ਵਾਲੀ ਜ਼ਮੀਨ, ਜਿਸ ਵਿੱਚ ਲਾਂਘਾ ਤੇ ਹੋਰ ਇਮਾਰਤਾਂ ਬਣਨੀਆਂ, ਉਸ ਦੀ ਨਿਸ਼ਾਨਦੇਹੀ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਦਾ ਵਫ਼ਦ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ 14 ਮਾਰਚ ਨੂੰ ਭਾਰਤ ਆ ਰਿਹਾ ਹੈ,ਜਦੋਂ ਕਿ ਭਾਰਤ ਦਾ ਵਫ਼ਦ 28 ਮਾਰਚ ਨੂੰ ਪਾਕਿਸਤਾਨ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਕੰਮ ’ਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਤਣਾਅਪੂਰਨ ਬਾਵਜੂਦ ਲਾਂਘੇ ਦੇ ਕੰਮ ’ਚ ਰੁਕਾਵਟਾਂ ਨਾ ਪਾਉਣਾ, ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਇੰਜੀਨੀਅਰ ਸੁਖਦੇਵ ਸਿੰਘ ਧਾਲੀਵਾਲ , ਨਿਰਮਲ ਸਿੰਘ ਸਾਗਰਪੁਰਾ, ਗੁਰਪ੍ਰੀਤ ਸਿੰਘ ਖਾਂਸਾਵਾਲੀ, ਊਧਮ ਸਿੰਘ ਔਲਖ, ਹਰਭਜਨ ਸਿੰਘ ਰੱਤੜਵਾਂ, ਬਲਕਾਰ ਸਿੰਘ ਭਗਵਾਨਪੁਰ ਹਾਜ਼ਰ ਸਨ। ਸੰਗ ਦੇ ਮੇਲੇ ਦੌਰਾਨ ਅੱਜ ਸੰਗਤਾਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਇਕੱਤਰ ਹੋਈਆਂ, ਜਿੱਥੇ ਗੁਰਬਾਣੀ ਦਾ ਗਾਇਨ ਕਰਦੀਆਂ ਪੈਦਲ ਹੀ ਕੌਮਾਂਤਰੀ ਸੀਮਾ ਤੱਕ ਪੁੱਜੀਆਂ।