ਕੈਨੇਡਾ ਫੈਡਰਲ ਚੋਣਾਂ ਵਿਚ 18 ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ

ਕੈਨੇਡਾ ‘ਚ ਬਣੇਗੀ ਟਰੂਡੋ ਤੇ ਜਗਮੀਤ ਸਿੰਘ ਦੀ ਸਾਂਝੀ ਸਰਕਾਰ

ਮਿਸੀਸਾਗਾ/ਕੈਨੇਡਾ,ਅਕਤੂਬਰ 2019-(ਜਨ ਸ਼ਕਤੀ ਨਿਊਜ)-

ਕੈਨੇਡਾ ਦੀ ਸੰਸਦ 'ਚ ਡੇਢ ਦਰਜਨ ਪੰਜਾਬੀ ਮੂਲ ਦੇ ਮੈਂਬਰਾਂ ਦੀ ਹਾਜ਼ਰੀ ਬਣੀ ਰਹੇਗੀ ਜਿਨ੍ਹਾਂ 'ਚ (ਸਭ ਤੋਂ ਵੱਧ) ਲਿਬਰਲ ਪਾਰਟੀ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਢਿੱਲੋਂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੱਧੂ ਤੇ ਅਨੀਤਾ ਆਨੰਦ ਸ਼ਾਮਿਲ ਹਨ | ਕੰਜ਼ਰਵੇਟਿਵ ਪਾਰਟੀ ਤੋਂ ਟਿਮ ਉਪਲ, ਜਸਰਾਜ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਕਾਮਯਾਬ ਰਹੇ ਹਨ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਜਿੱਤੇ ਹਨ | ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਦੇ ਪੂਰਬ 'ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਉੱਥੋਂ 2015 ਦੇ ਮੁਕਾਬਲੇ 3 ਸੀਟਾਂ ਘੱਟ ਮਿਲੀਆਂ ਹਨ | ਇਸ ਦੇ ਮੁਕਾਬਲੇ ਪੱਛਮ 'ਚ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਹੱਥ ਉੱਤੇ ਰਿਹਾ | ਬਿ੍ਟਿਸ਼ ਕੋਲੰਬੀਆ 'ਚ ਤਾਂ ਲਿਬਰਲ ਪਾਰਟੀ ਨੂੰ (11 ਸੀਟਾਂ) ਐਨ.ਡੀ.ਪੀ. (12 ਸੀਟਾਂ) ਨੇ ਪਛਾੜ ਦਿੱਤਾ | ਅਲਬਰਟਾ, ਸਸਕਾਚਵਾਨ, ਮੈਨੀਟੋਬਾ 'ਚ ਕੰਜ਼ਰਵੇਟਿਵ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ | ਮੈਨੀਟੋਬਾ 'ਚ ਵਿਨੀਪੈਗ ਇਲਾਕੇ 'ਚ ਅਤੇ ਨੇੜਲੇ ਹਲਕਿਆਂ ਤੋਂ ਚਾਰ ਸੀਟਾਂ ਲਿਬਰਲ ਅਤੇ ਤਿੰਨ ਐਨ.ਡੀ.ਪੀ. ਨੂੰ ਮਿਲੀਆਂ ਹਨ | ਇਸ ਤੋਂ ਇਲਾਵਾ ਮੈਨੀਟੋਬਾ ਦੀਆਂ 14 ਵਿਚੋਂ 7 ਸੀਟਾਂ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪਈਆਂ | ਅਲਬਰਟਾ, ਕੰਜ਼ਰਵੇਟਿਵ ਪਾਰਟੀ ਦੇ ਨੀਲੇ ਰੰਗ 'ਚ ਰੰਗਿਆ ਗਿਆ ਹੈ | ਉੱਥੇ ਕੁੱਲ 34 'ਚੋਂ ਐਨ.ਡੀ.ਪੀ. ਨੂੰ ਇਕ ਸੀਟ ਮਿਲੀ ਹੈ ਅਤੇ 33 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ | ਐਡਮਿੰਟਨ-ਮਿਲਵੁੱਡਜ਼ ਹਲਕੇ ਤੋਂ ਮੌਜੂਦਾ ਮੰਤਰੀ ਅਮਰਜੀਤ ਸੋਹੀ ਦੀ ਹਾਰ ਅਤੇ ਕੰਜ਼ਰਵੇਟਿਵ ਹਾਰਪਰ ਸਰਕਾਰ 'ਚ ਮੰਤਰੀ ਰਹੇ ਟਿਮ ਉੱਪਲ ਦੀ ਵੱਡੇ ਫਰਕ (8800 ਤੋਂ ਵੱਧ ਵੋਟਾਂ ਦੇ ਫਰਕ) ਨਾਲ ਜਿੱਤ ਹੋਈ ਹੈ | ਸ੍ਰੀ ਸੋਹੀ 2015 'ਚ ਟਿਮ ਉਪਲ ਤੋਂ 92 ਵੋਟਾਂ ਦੇ ਫਰਕ ਨਾਲ ਜਿੱਤੇ ਸਨ | ਸਸਕਾਚਵਾਨ 'ਚ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਅਤੇ ਰਿਜਾਈਨਾ-ਵਸਕਾਨਾ ਹਲਕੇ ਤੋਂ 1993 ਤੋਂ ਲਗਾਤਾਰ ਜਿੱਤਦੇ ਆ ਰਹੇ ਲਿਬਰਲ ਕੈਬਨਿਟ ਮੰਤਰੀ ਰਾਲਫ ਗੁਡੇਲ ਆਪਣੀ ਸੀਟ ਹਾਰ ਗਏ ਹਨ | ਐਨ.ਡੀ.ਪੀ. ਦਾ ਕਿਊਬਕ 'ਚੋਂ ਲਗਪਗ ਸਫਾਇਆ ਹੋ ਗਿਆ ਅਤੇ 78 'ਚੋਂ ਇਕ ਸੀਟ ਜਿੱਤੀ ਜਾ ਸਕੀ | ਟੋਰਾਂਟੋ ਇਲਾਕੇ 'ਚ ਲਿਬਰਲ ਦੀ ਸਥਿਤੀ ਮਜ਼ਬੂਤ ਰਹੀ ਅਤੇ ਸਾਰੀਆਂ 25 ਸੀਟਾਂ ਉਪਰ ਜਿੱਤ ਹਾਸਲ ਕੀਤੀ | ਓਟਾਵਾ ਅਤੇ ਮਾਂਟਰੀਅਲ ਇਲਾਕੇ 'ਚ ਲਿਬਰਲ ਦਾ ਆਧਾਰ ਮਜ਼ਬੂਤ ਰਿਹਾ | ਉਂਟਾਰੀਓ 'ਚ 121 ਸੀਟਾਂ 'ਚੋਂ ਲਿਬਰਲ ਨੂੰ 78, ਕੰਜ਼ਰਵੇਟਿਵ ਨੂੰ 37 ਅਤੇ ਐਨ.ਡੀ.ਪੀ. ਨੂੰ ਛੇ ਸੀਟਾਂ ਮਿਲੀਆਂ ਹਨ | ਕਿਊਬਿਕ 'ਚ 78 ਸੀਟਾਂ ਵਿਚੋਂ ਲਿਬਰਲ ਨੂੰ 35, ਬਲਾਕ ਕਿਊਬਿਕ ਨੂੰ 32 ਸੀਟਾਂ ਮਿਲੀਆਂ ਜਦ ਕਿ ਉੱਥੇ ਐਨ.ਡੀ.ਪੀ. ਨੂੰ 1 ਸੀਟ ਮਿਲੀ ਅਤੇ ਕੰਜ਼ਰਵੇਟਿਵ ਪਾਰਟੀ ਦਾ ਕਿਊਬਿਕ 'ਚ ਸਫਾਇਆ (0 ਸੀਟ) ਹੋ ਗਿਆ | ਬਰੈਂਪਟਨ ਦੀਆਂ ਸਾਰੀਆਂ ਪੰਜ ਸੀਟਾਂ ਵੀ ਲਿਬਰਲ ਪਾਰਟੀ ਨੂੰ ਦੁਬਾਰਾ ਮਿਲ ਗਈਆਂ, ਜਿੱਥੋਂ ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ, ਮਨਿੰਦਰ ਸਿੱਧੂ ਅਤੇ ਰੂਬੀ ਸਹੋਤਾ ਜੇਤੂ ਰਹੇ ਹਨ | ਮਿਸੀਸਾਗਾ-ਮਾਲਟਨ ਤੋਂ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਸ਼ਾਨ ਨਾਲ ਜਿੱਤ ਗਏ ਹਨ ਅਤੇ ਗਗਨ ਸਿਕੰਦ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਦੁਬਾਰਾ ਵੱਡੀ ਜਿੱਤ ਪ੍ਰਾਪਤ ਕੀਤੀ | ਬਰੈਂਪਟਨ-ਉੱਤਰੀ ਹਲਕੇ ਤੋਂ ਲਿਬਰਲ ਰੂਬੀ ਸਹੋਤਾ ਨੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਅਰਪਨ ਖੰਨਾ ਨੂੰ 11800 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ |

ਜੇਤੂ ਪੰਜਾਬੀ ਸੰਸਦ ਮੈਂਬਰ

ਲਿਬਰਲ ਪਾਰਟੀ ਦੇ

1. ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ ਬ੍ਰਿਟਿਸ਼ ਕੋਲੰਬੀਆ)

2. ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ)

3. ਸੁੱਖ ਧਾਲੀਵਾਲ (ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ)

4. ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ)

5. ਗਗਨ ਸਿਕੰਦ (ਹਲਕਾ ਮਿਸੀਸਾਗਾ-ਸਟਰੀਟਸਵਿਲ/ ਓਂਟਾਰੀਓ)

6. ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ)

7. ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ)

8. ਕਮਲ ਖਹਿਰਾ (ਹਲਕਾ ਬਰੈਂਪਟਨ ਵੈਸਟ/ ਓਂਟਾਰੀਓ)

9. ਰੂਬੀ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ)

10. ਸੋਨੀਆ ਸਿੱਧੂ (ਬਰੈਂਪਟਨ ਸਾਊਥ/ ਓਂਟਾਰੀਓ)

11. ਬਰਦੀਸ਼ ਚੱਘਰ (ਹਲਕਾ ਵਾਟਰਲੂ/ ਓਂਟਾਰੀਓ)

12. ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ ਓਂਟਾਰੀਓ)

13. ਅੰਜੂ ਢਿੱਲੋਂ (ਹਲਕਾ ਲਛੀਨ-ਲਾਸਾਲ/ ਕਿਊਬੈੱਕ)

 

ਐਨਡੀਪੀ ਦੇ

14. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ)

 

ਕੰਜ਼ਰਵਟਿਵ ਦੇ

15. ਟਿਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ)

16. ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ ਅਲਬਰਟਾ)

17. ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ ਅਲਬਰਟਾ)

18. ਬੌਬ ਸਰੋਆ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ)