ਬੀਤੇ ਵਰ੍ਹੇ ਦੇ ਸਰਕਾਰੀ ਅੰਕੜਿਆਂ ਅਨੁਸਾਰ 2019 'ਚ 32 ਲੱਖ ਲੋਕਾਂ ਨੂੰ ਯੂ. ਕੇ. ਨੇ ਵੀਜ਼ਾ

ਲੰਡਨ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- 

 ਬੀਤੇ ਵਰ੍ਹੇ ਦੇ ਸਰਕਾਰੀ ਅੰਕੜਿਆਂ ਅਨੁਸਾਰ ਯੂ. ਕੇ. ਇਕ ਵਾਰ ਫਿਰ ਸੈਰ ਸਪਾਟਾ ਅਤੇ ਸਿੱਖਿਆ ਦੇ ਖੇਤਰ 'ਚ ਵਿਦੇਸ਼ੀਆਂ ਨੂੰ ਲੁਭਾਉਣ ਵਿਚ ਕਾਮਯਾਬ ਹੋ ਰਿਹਾ ਹੈ | ਸਰਕਾਰ ਵਲੋਂ ਜਾਰੀ ਅੰਕੜਿਆਂ 'ਚ ਦੱਸਿਆ ਗਿਆ ਕਿ ਹੈ ਕਿ 2019 'ਚ 1460 ਲੱਖ ਯਾਤਰੀ (ਯੂ. ਕੇ. ਦੇ ਨਾਗਰਿਕਾਂ ਸਮੇਤ) ਯੂ. ਕੇ. ਦੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਸੜਕੀ ਰਸਤਿਆਂ ਰਾਹੀਂ ਆਏ ਇਹ ਗਿਣਤੀ ਪਿਛਲੇ ਸਾਲ ਨਾਲੋਂ 2 ਫ਼ੀਸਦੀ ਵੱਧ ਰਹੀ | ਇਸ ਦੇ ਨਾਲ ਹੀ 32 ਲੱਖ ਲੋਕਾਂ ਨੂੰ ਯੂ. ਕੇ. ਨੇ ਵੀਜ਼ਾ ਦਿੱਤਾ ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵੱਧ ਹੈ | ਜਿਨ੍ਹਾਂ 'ਚੋਂ 9 ਮਹੀਨਿਆਂ 'ਚ 76 ਫ਼ੀਸਦੀ ਨੇ ਯੂ. ਕੇ. ਦੀ ਯਾਤਰਾ ਕੀਤੀ, ਇਨ੍ਹਾਂ ਵਿਚ 9 ਫ਼ੀਸਦੀ ਵਿਦਿਆਰਥੀ (ਥੋੜ੍ਹੇ ਸਮੇਂ ਲਈ ਆਏ ਵਿਦਿਆਰਥੀ ਸ਼ਾਮਿਲ ਨਹੀਂ ਹਨ), 6 ਫ਼ੀਸਦੀ ਕੰਮ ਕਰਨ ਲਈ ਅਤੇ 2 ਫ਼ੀਸਦੀ ਪਰਿਵਾਰਕ ਕਾਰਨਾਂ ਨਾਲ ਸਬੰਧਿਤ ਹਨ | ਵਿਸ਼ਵ ਭਰ 'ਚੋਂ 28 ਲੱਖ ਲੋਕਾਂ ਨੇ ਯੂ. ਕੇ. ਲਈ ਵੀਜ਼ਾ ਅਰਜ਼ੀਆਂ ਦਿੱਤੀਆਂ, ਜਿਨ੍ਹਾਂ 'ਚੋਂ 24 ਲੱਖ ਵੀਜ਼ਾ ਦਿੱਤੇ ਗਏ, ਸਭ ਤੋਂ ਵੱਧ ਚੀਨੀਆਂ ਨੂੰ 642935 (ਪਿਛਲੇ ਸਾਲ ਨਾਲੋਂ 9 ਫ਼ੀਸਦੀ ਵੱਧ), ਭਾਰਤੀਆਂ ਨੂੰ 515026 (ਪਿਛਲੇ ਸਾਲ ਨਾਲੋਂ 8 ਫ਼ੀਸਦੀ ਵੱਧ), ਅਤੇ ਤੀਜੇ ਨੰਬਰ 'ਤੇ ਨਾਈਜੀਰੀਅਨ ਨੂੰ 89433 (ਪਿਛਲੇ ਸਾਲ ਨਾਲੋਂ 33 ਫ਼ੀਸਦੀ ਵੱਧ) ਵੀਜ਼ੇ ਜਾਰੀ ਕੀਤੇ ਗਏ | ਯੂ. ਕੇ. ਵਿਚ ਪੜ੍ਹਾਈ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ 'ਚ ਵੀ ਰਿਕਾਰਡ ਵਾਧਾ ਹੋਇਆ ਹੈ | ਅੰਕੜਿਆਂ ਅਨੁਸਾਰ ਟਿਯਰ 4 ਵਿਦਿਆਰਥੀ ਵੀਜ਼ਾ ਹਾਸਲ ਕਰਨ 'ਚ ਚੀਨ ਪਹਿਲੇ ਸਥਾਨ 'ਤੇ ਹੈ, 119972 ਚੀਨੀ ਵਿਦਿਆਰਥੀਆਂ ਨੂੰ ਯੂ. ਕੇ. ਦਾ ਵੀਜ਼ਾ ਮਿਲਿਆ ਜੋ ਬੀਤੇ ਵਰ੍ਹੇ ਤੋਂ 20 ਫ਼ੀਸਦੀ ਵੱਧ ਹੈ, ਦੂਜੇ ਨੰਬਰ ਤੇ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ਦੀ ਗਿਣਤੀ 37540 ਹੈ ਜੋ ਬੀਤੇ ਵਰ੍ਹੇ ਤੋਂ 93 ਫ਼ੀਸਦੀ ਵੱਧ ਹੈ, 2018 ਵਿਚ 19497 ਭਾਰਤੀ ਵਿਦਿਆਰਥੀਆਂ ਨੇ ਯੂ. ਕੇ. ਦਾ ਵੀਜ਼ਾ ਹਾਸਲ ਕੀਤਾ ਸੀ, ਜਦਕਿ ਇਨ੍ਹਾਂ ਅੰਕੜਿਆਂ 'ਚ ਅਮਰੀਕਾ 14883 ਵਿਦਿਆਰਥੀ ਵੀਜ਼ਾ ਲੈਣ ਵਾਲਾ ਤੀਜੇ ਸਥਾਨ ਦਾ ਮੁਲਕ ਹੈ ਅਤੇ ਜੋ ਪਿਛਲੇ ਸਾਲ ਦੇ ਮੁਕਾਬਲੇ 1 ਫ਼ੀਸਦੀ ਘੱਟ ਹੈ | ਇਸ ਤੋਂ ਇਲਾਵਾ ਭਾਰਤੀ ਪੇਸ਼ੇਵਰ ਟਿਯਰ 2 ਹੁਨਰਮੰਦ ਵੀਜ਼ਾ ਸ਼੍ਰੇਣੀ 'ਚ ਭਾਰਤੀਆਂ ਨੂੰ ਸਭ ਤੋਂ ਵੱਧ ਵੀਜ਼ੇ ਮਿਲੇ ਹਨ ਜੋ 57000 ਹਨ, ਵਿਸ਼ਵ ਭਰ ਦੇ ਹੁਨਰਮੰਦ ਕਾਮਿਆਂ ਨੂੰ ਦਿੱਤੇ ਗਏ ਕੁੱਲ ਵੀਜ਼ਾ ਗਿਣਤੀ ਦੇ ਅੱਧ ਤੋਂ ਵੱਧ ਹੈ | ਜ਼ਿਕਰਯੋਗ ਹੈ ਕਿ 2019 ਵਿਚ ਯੂ. ਕੇ. ਦੇ ਵੀਜ਼ਾ ਲਈ ਦਿੱਤੀਆਂ 95 ਫ਼ੀਸਦੀ ਅਰਜ਼ੀਆਂ ਕਾਮਯਾਬ ਰਹੀਆਂ ਹਨ ਜੋ ਬੀਤੇ ਵਰ੍ਹੇ ਤੋਂ 5 ਫ਼ੀਸਦੀ ਵੱਧ ਹਨ |