ਸ਼ਹਿਰ ਵਿੱਚ ਵਾਤਾਵਰਣ ਬਚਾਉਣ ਲਈ ਕੇਤੇ ਰਹੇ ਉਪਰਾਲਿਆਂ ਦਾ ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਵੱਲੋਂ ਜਾਇਜ਼ਾ

ਬਿਹਤਰ ਤਾਲਮੇਲ ਲਈ, ਡਿਪਟੀ ਕਮਿਸ਼ਨਰ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਟਾਸਕ ਫੋਰਸ ਦਾ ਮੁੱਖੀ ਲਗਾਇਆ-ਜਸਟਿਸ ਜਸਬੀਰ ਸਿੰਘ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਤਲੁੱਜ ਅਤੇ ਬਿਆਸ ਦਰਿਆਵਾਂ ਦੀ ਨਿਗਰਾਨੀ ਲਈ ਬਣਾਈ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਉੱਚ ਪੱਧਰੀ ਟੀਮ ਵੱਲੋਂ ਅੱਜ ਸ਼ਹਿਰ ਲੁਧਿਆਣਾ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਟੀਮ ਵਿੱਚ ਸਾਬਕਾ ਮੁੱਖ ਸਕੱਤਰ ਐੱਸ. ਸੀ. ਅਗਰਵਾਲ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਟੀਮ ਵੱਲੋਂ ਪਹਿਲਾਂ ਸਥਾਨਕ ਸਰਕਟ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਬਾਅਦ ਵਿੱਚ ਹੈਬੋਵਾਲ ਨਜ਼ਦੀਕ ਬੁੱਢਾ ਨਾਲਾ, ਲਾਡੋਵਾਲ ਨਜ਼ਦੀਕ ਹੱਡਾ ਰੋੜੀ, ਤਾਜਪੁਰ ਸੜਕ 'ਤੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਫੋਕਲ ਪੁਆਇੰਟ ਵਿੱਚ ਪੈਂਦੇ ਕਾਮਨ ਇੰਫੂਲੀਏਂਟ ਟਰੀਟਮੈਂਟ ਪਲਾਂਟ (ਸੀ. ਈ. ਟੀ. ਪੀ.) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬੁੱਢਾ ਨਾਲਾ ਦੇ ਕਿਨਾਰੇ 'ਤੇ ਪੌਦੇ ਵੀ ਲਗਾਏ। ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਫੇਰੀ ਦਾ ਮੁੱਖ ਮਕਸਦ ਸ਼ਹਿਰ ਵਿੱਚ ਇਸ ਦਿਸ਼ਾ ਵਿੱਚ ਨਵੰਬਰ 2019 ਤੋਂ ਬਾਅਦ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣਾ ਸੀ, ਜਿਨਾਂ 'ਤੇ ਟੀਮ ਵੱਲੋਂ ਤਸੱਲੀ ਪ੍ਰਗਟਾਈ ਗਈ। ਉਨਾਂ ਭਰੋਸਾ ਪ੍ਰਗਟਾਇਆ ਕਿ ਇਸ ਦਿਸ਼ਾ ਵਿੱਚ ਹੋਰ ਉਪਰਾਲੇ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਕਿ ਸਾਰੇ ਕਾਰਜ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣ। ਦੇਰੀ ਹੋਣ ਦੀ ਸਥਿਤੀ ਵਿੱਚ ਦੋਸ਼ੀ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਸਿਰਜਣ। ਉਨਾਂ ਸਮੂਹ ਵਿਭਾਗਾਂ ਨੂੰ ਵੀ ਇਸ ਦਿਸ਼ਾ ਵਿੱਚ ਹਾਂ ਪੱਖੀ ਸੋਚ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਹਾਂ ਪੱਖੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਐÎੱਨ. ਜੀ. ਟੀ. ਟਾਸਕ ਫੋਰਸ ਦਾ ਮੁੱਖੀ ਥਾਪਿਆ ਗਿਆ ਹੈ। ਡਿਪਟੀ ਕਮਿਸ਼ਨਰ ਇਸ ਸੰਬੰਧੀ ਮਹੀਨਾਵਾਰ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ। ਉਨਂ ਕਿਹਾ ਕਿ ਬੁੱਢਾ ਨਾਲਾ ਨੂੰ ਜਲਦ ਹੀ ਸਾਫ਼ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।