ਕਾਂਜਲੀ ਵੈੱਟਲੈਂਡ ਮੁੜ ਬਣੇਗਾ ਸੈਰ ਸਪਾਟੇ ਦਾ ਉੱਚ ਪੱਧਰੀ ਕੇਂਦਰ-ਦੀਪਤੀ ਉੱਪਲ 

ਡਿਪਟੀ ਕਮਿਸ਼ਨਰ ਨੇ ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਲਿਆ ਜਾਇਜ਼ਾ

ਅਧਿਕਾਰੀਆਂ ਨੂੰ ਅਪ੍ਰੈਲ ਤੱਕ ਕੰਮ ਮੁਕੰਮਲ ਕਰਨ ਦੀ ਕੀਤੀ ਹਦਾਇਤ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਕਾਂਜਲੀ ਵੈੱਟਲੈਂਡ ਨੂੰ ਮੁੜ ਉੱਚ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ ਕਿਸੇ ਸਮੇਂ ਕਪੂਰਥਲਾ ਦੀ ਸ਼ਾਨ ਰਹੀ ਕਾਂਜਲੀ ਵੈੱਟਲੈਂਡ ਦੀ ਮੁੜ ਪਹਿਲਾਂ ਵਾਲੀ ਦਿੱਖ ਬਹਾਲ ਕਰਨ ਲਈ ਤਿਆਰ ਕੀਤੀ ਗਈ ਕਾਰਜ ਯੋਜਨਾ ਤਹਿਤ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਥੋਂ ਦੀ ਸੁੰਦਰਤਾ ਵਿਚ ਵਿਲੱਖਣ ਵਾਧਾ ਹੋਵੇਗਾ। ਉਨਾਂ ਕਿਹਾ ਕਿ ਇਥੇ ਇਕ ਸੁੰਦਰ ਸੈਰਗਾਹ ਬਣਾਉਣ ਲਈ ਸਰਵਿਸ ਰੋਡ ਨੂੰ ਕੰਕਰੀਟ ਨਾਲ ਪੱਕਾ ਕਰਨ, ਫੈਂਸਿੰਗ, ਸੁੰਦਰ ਫੁੱਲ-ਬੂਟੇ ਅਤੇ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰਾਂ ਬੇਈਂ ਦੇ ਆਲੇ-ਦੁਆਲੇ ਸਾਈਕਿਗ ਟਰੈਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸੇ ਪ੍ਰਾਜੈਕਟ ਤਹਿਤ ਫਲੋਰ ਮਿਲ ਚੈਨਲ ਅਤੇ ਕਾਂਜਲੀ ਮਾਈਨਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਗਿਆ ਹੈ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਵੈੱਟਲੈਂਡ ਦੀ ਸਾਫ-ਸਫਾਈ, ਰੈਸਟੋਰੈਂਟ ਦੇ ਨਵੀਨੀਕਰਨ, ਰੰਗ-ਰੋਗਨ ਅਤੇ ਕਿਸ਼ਤੀਆਂ ਤੇ ਟਾਇਲਟਾਂ ਆਦਿ ਦੀ ਮੁਰੰਮਤ ਦੀ ਹਦਾਇਤ ਕੀਤੀ। ਉਨਾਂ ਸਬੰਧਤ ਅਧਿਕਾਰੀਆਂ ਨੂੰ ਇਹ ਸਾਰੇ ਕੰਮ ਅਪ੍ਰੈਲ ਦੇ ਅੱਧ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਹਰੇਕ 15 ਦਿਨਾਂ ਬਾਅਦ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ। 

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾਂ ਹੀ ਕਾਂਜਲੀ ਦੇ ਨਾਲ ਲੱਗਦੇ ਜੰਗਲਾਤ ਰਕਬੇ ਵਿਚ ਬਾਇਓ ਡਾਇਵਰਸਿਟੀ ਪਾਰਕ ਬਣਾਇਆ ਗਿਆ ਹੈ, ਜੋ ਕਿ ਇਸ ਖੇਤਰ ਨੂੰ ਵਾਤਾਵਰਨ ਪੱਖੋਂ ਸਿਹਤਯਾਬ, ਹਰਿਆਲੀ ਭਰਪੂਰ ਅਤੇ ਸਾਫ਼-ਸੁਥਰਾ ਬਣਾਉਣ ਵੱਲ ਇਕ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਬਚਾਉਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਜਿਸ ਪਾਸੇ ਸਾਨੂੰ ਸਭਨਾਂ ਨੂੰ ਗੰਭੀਰਤਾ ਨਾਲ ਹੰਭਲਾ ਮਾਰਨਾ ਪਵੇਗਾ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐਕਸੀਅਨ ਸ. ਦਵਿੰਦਰ ਸਿੰਘ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਸਰਬਰਾਜ ਕੁਮਾਰ, ਐਕਸੀਅਨ ਡਰੇਨੇਜ ਸ. ਅਜੀਤ ਸਿੰਘ ਤੇ ਐਸ. ਡੀ. ਓ ਸ੍ਰੀ ਕੰਵਲਜੀਤ ਲਾਲ, ਐਸ. ਡੀ. ਓ ਪਬਲਿਕ ਹੈਲਥ ਸ੍ਰੀ ਧਰਮਿੰਦਰ, ਜੇ. ਈ ਇਲੈਕਟ੍ਰੀਕਲ ਸ. ਗੁਰਜਿੰਦਰ ਜੀਤ ਸਿੰਘ, ਬਾਗਬਾਨੀ ਵਿਭਾਗ ਤੋਂ ਸ. ਜਰਨੈਲ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ